ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ (ਯੂਰੋ ਕੱਪ) 2020 ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਖ਼ਤਰੇ ਦੇ ਵਿਚਕਾਰ ਮੁਲਤਵੀ ਕਰ ਦਿੱਤਾ ਗਿਆ ਹੈ। ਯੂਰੋ ਕੱਪ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਦਾ ਅਰਥ ਹੈ ਕਿ ਯੂਰੋ ਕੱਪ ਹੁਣ 2021 ਵਿੱਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 12 ਜੂਨ ਤੋਂ 12 ਜੁਲਾਈ ਵਿਚਕਾਰ ਖੇਡਿਆ ਜਾਣਾ ਸੀ।
ਯੂਰਪੀਅਨ ਫੁੱਟਬਾਲ ਦੀ ਚੋਟੀ ਦੀ ਸੰਸਥਾ ਯੂਏਫਾ ਨੇ ਇਹ ਜਾਣਕਾਰੀ ਦਿੱਤੀ। ਯੂਏਫਾ ਨੇ ਕਿਹਾ ਕਿ ਯੂਰੋ ਕੱਪ 11 ਜੂਨ ਤੋਂ 11 ਜੁਲਾਈ 2021 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਯੂਰਪ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਨਾਕ ਅਸਰ ਵੇਖਣ ਨੂੰ ਮਿਲਿਆ ਹੈ।
ਇਹ ਕਦਮ ਕੋਰੋਨਾ ਵਾਇਰਸ ਕਾਰਨ ਮਹਾਂਦੀਪ ਵਿੱਚ ਫੁੱਟਬਾਲ ਮੁਕਾਬਲੇ ਬੰਦ ਹੋਣ ਕਾਰਨ ਚੁੱਕਿਆ ਜਾ ਰਿਹਾ ਹੈ। ਯੂਰਪ ਦੇ ਬਹੁਤ ਸਾਰੇ ਦੇਸ਼ ਇਸ ਮਹਾਂਮਾਰੀ ਨਾਲ ਪ੍ਰਭਾਵਤ ਹਨ। ਯੂਏਫਾ ਦੀ ਇਹ ਕੋਸ਼ਿਸ਼ ਯੂਰਪ ਦੀਆਂ ਸਾਰੀਆਂ ਲੀਗਾਂ ਨੂੰ ਆਪਣੇ ਘਰੇਲੂ ਸੈਸ਼ਨ ਖ਼ਤਮ ਕਰਨ ਦਾ ਮੌਕਾ ਮਿਲੇਗਾ। ਇਸ ਨਾਲ ਮੈਚਾਂ 'ਤੇ ਲੱਗੀ ਪਾਬੰਦੀ ਹਟਾਏ ਜਾਣ ਤੋਂ ਬਾਅਦ ਯੂਏਫਾ ਚੈਂਪੀਅਨਜ਼ ਲੀਗ ਅਤੇ ਯੂਰੋਪਾ ਲੀਗ ਮੁਕਾਬਲਿਆਂ ਨੂੰ ਵੀ ਗਰਮੀਆਂ ਵਿੱਚ ਸਮਾਪਤ ਕੀਤਾ ਜਾ ਸਕੇਗਾ।
ਯੂਰੋ 2020 ਤੋਂ ਇੱਕ ਸਾਲ ਅੱਗੇ ਵਧਣ ਦਾ ਅਸਰ ਇੰਗਲੈਂਡ ਵਿੱਚ 2021 ਮਹਿਲਾ ਯੂਰਪੀਅਨ ਚੈਂਪੀਅਨਸ਼ਿਪ ਉੱਤੇ ਵੀ ਪੈ ਸਕਦਾ ਹੈ। ਮਹਾਂਦੀਪ ਦੇ 12 ਸ਼ਹਿਰਾਂ ਐਮਸਟਰਡਮ, ਬਾਕੂ, ਬਿਲਬਾਓ, ਬੁਡਾਪੇਸਟ, ਬੁਖਾਰੈਸਟ, ਕੋਪੇਨਹੇਗੇਨ, ਡਬਲਿਨ, ਗਲਾਸਗੋ, ਲੰਦਨ, ਮਿਊਨਿਖ, ਰੋਮ ਅਤੇ ਸੇਂਟ ਪੀਟਰਸਬਰਗ ਵਿੱਚ ਅਜੇ ਤੱਕ ਯੂਰੋ 2020 ਦੇ ਫਾਰਮੈਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਯੂਰੋ ਦੇ ਸੈਮੀਫਾਈਨਲ ਅਤੇ ਫਾਈਨਲ ਲੰਦਨ ਵਿੱਚ ਹੋਣੇ ਹਨ। ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 24 ਟੀਮਾਂ ਵਿਚੋਂ 20 ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀਆਂ ਹਨ। ਬਾਕੀ ਚਾਰ ਟੀਮਾਂ ਪਲੇਅ ਆਫ਼ ਤੋਂ ਬਾਅਦ ਸਾਹਮਣੇ ਆਉਣਗੀਆਂ। ਪਲੇਅ ਆਫ਼ ਇਸ ਮਹੀਨੇ ਦੇ ਅਖ਼ੀਰ ਵਿੱਚ ਆਯੋਜਿਤ ਕੀਤੇ ਜਾਣੇ ਸਨ, ਪਰ ਹੁਣ ਬਾਅਦ ਵਿੱਚ ਹੋਣਗੇ।