ਚਾਰ ਵਾਰ ਚੈਂਪੀਅਨ ਰਹਿ ਚੁੱਕੀ ਭਾਰਤ ਦੀ ਅੰਡਰ–19 ਟੀਮ ਅੱਜ ਮੰਗਲਵਾਰ ਨੂੰ ਪਹਿਲੇ ਸੈਮੀ–ਫ਼ਾਈਨਲ ’ਚ ਪਾਕਿਸਤਾਨੀ ਟੀਮ ਨਾਲ ਭਿੜੇਗੀ। ਯਕੀਨੀ ਤੌਰ ’ਤੇ ਭਾਰਤੀ ਟੀਮ ਦਾ ਟੀਚਾ ਤੀਜੇ ਫ਼ਾਈਨਲ ’ਚ ਦਾਖ਼ਲ ਹੋਣ ਦਾ ਹੋਵੇਗਾ। ਸੈਮੀ–ਫ਼ਾਈਨਲ ਤੱਕ ਇਹ ਦੋਵੇਂ ਟੀਮਾਂ ਹਾਲੇ ਕੋਈ ਮੈਚ ਨਹੀਂ ਹਾਰੀਆਂ। ਭਾਰਤ ਨੇ ਕੁਆਰਟਰ ਫ਼ਾਈਨਲ ’ਚ ਆਸਟ੍ਰੇਲੀਆ ਨੂੰ ਅਤੇ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਨੂੰ ਹਰਾਇਆ ਸੀ।
ਪਾਕਿਸਤਾਨ ਦੇ ਕਪਤਾਨ ਰੋਹੇਲ ਨਜ਼ੀਰ ਨੇ ਇਸ ਮੈਚ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਾਲੇ ਉਤਸ਼ਾਹ ਤੇ ਜੋਸ਼ ਨੂੰ ਕੋਈ ਹਵਾ ਦੇਣ ਤੋਂ ਇਨਕਾਰ ਕੀਤਾ ਪਰ ਇਹ ਹਕੀਕਤ ਹੈ ਕਿ ਇਹ ਟੂਰਨਾਮੈਂਟ ਸਭ ਤੋਂ ਵੱਧ ਦਬਾਅ ਵਾਲਾ ਮੈਚ ਰਹੇਗਾ।
ਦੋਵੇਂ ਟੀਮਾਂ ਦੇ ਖਿਡਾਰੀਆਂ ਦਾ ਇਸ ਮੈਚ ਵਿੱਚ ਇੱਕ ਤਰ੍ਹਾਂ ਇਮਤਿਹਾਨ ਹੀ ਹੋਵੇਗਾ। ਇਸ ਮੈਚ ਵਿੱਚ ਵਧੀਆ ਖੇਡਣ ਵਾਲਾ ਕੋਈ ਖਿਡਾਰੀ ਰਾਤੋ–ਰਾਤ ਸਟਾਰ ਬਣ ਜਾਵੇਗਾ ਤੇ ਖ਼ਰਾਬ ਖੇਡਣ ਵਾਲੇ ਦੀ ਤਿੱਖੀ ਆਲੋਚਨਾ ਵੀ ਹੋਵੇਗੀ।
ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਹੁਰੈਰਾ ਨੇ ਅਫ਼ਗ਼ਾਨਿਸਤਾਨ ’ਤੇ ਜਿੱਤ ਹਾਸਲ ਕਰਨ ਪਿੱਛੋਂ ਕਿਹਾ ਸੀ ਕਿ ਇਹ ਕਾਫ਼ੀ ਦਬਾਅ ਵਾਲਾ ਮੈਚ ਹੈ ਤੇ ਇਸ ਨੂੰ ਲੈ ਕੇ ਦੋਵੇਂ ਦੇਸ਼ਾਂ ਵਿੱਚ ਕਾਫ਼ੀ ਜੋਸ਼ ਵੀ ਹੈ ਪਰ ਅਸੀਂ ਇਸ ਨੂੰ ਆਮ ਮੈਚ ਵਾਂਗ ਹੀ ਲਵਾਂਗੇ ਤੇ ਵਧੀਆ ਖੇਡ ਕਾਰਗੁਜ਼ਾਰੀ ਵਿਖਾਉਣ ਦਾ ਜਤਨ ਕਰਾਂਗੇ।
ਉੱਧਰ ਭਾਰਤ ਦੀ ਜੂਨੀਅਰ ਟੀਮ ਨੇ ਪਿਛਲੇ ਵਰ੍ਹੇ ਸਤੰਬਰ ’ਚ ਵੀ ਪਾਕਿਸਤਾਨੀ ਟੀਮ ਨੂੰ ਏਸ਼ੀਆ ਕੱਪ ਵਿੱਚ ਹਰਾਇਆ ਸੀ; ਇਸ ਲਈ ਯਕੀਨੀ ਤੌਰ ’ਤੇ ਭਾਰਤੀ ਟੀਮ ਦਾ ਪੱਲੜਾ ਭਾਰੀ ਹੈ।
ਸਾਲ 2018 ਦੇ ਅੰਡਰ–19 ਵਿਸ਼ਵ ਕੱਪ ਵਿੱਚ ਪਿਛਲੇ ਚੈਂਪੀਅਨ ਭਾਰਤ ਨੇ ਪਾਕਿਸਤਾਨ ਨੂੰ 203 ਦੌੜਾਂ ਨਾਲ ਹਰਾਇਆ ਸੀ। ਪ੍ਰਿਅਮ ਗਰਗ ਦੀ ਕਪਤਾਨੀ ਵਾਲੀ ਟੀਮ ਨੂੰ ਪਾਕਿਸਤਾਨ ਉੱਤੇ ਜਿੱਤ ਦਰਜ ਕਰਨ ਲਈ ਆਪਣਾ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ।
ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਭਾਰਤੀ ਬੱਲੇਬਾਜ਼ੀ ਦੇ ਧੁਰੇ ਵਾਂਗ ਵਿਚਰਦੇ ਰਹੇ ਹਨ, ਜਿਨ੍ਹਾਂ ਚਾਰ ਮੈਚਾਂ ’ਚ ਤਿੰਨ ਅਰਧ–ਸੈਂਕੜੇ ਲਾਏ। ਬਾਕੀ ਬੱਲੇਬਾਜ਼ਾਂ ਦੀ ਕਾਰਗੁਜ਼ਾਰੀ ਕੋਈ ਬਹੁਤੀ ਵਰਨਣਯੋਗ ਨਹੀਂ ਰਹੀ। ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਦਾ ਪ੍ਰਦਰਸ਼ਨ ਵੀ ਵਧੀਆ ਰਿਹਾ ਸੀ।