ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੱਖਣ ਅਫਰੀਕਾ ਦੇ ਪੋਚੇਫਿਸਟੂਮ ਦੇ ਕ੍ਰਿਕਟ ਮੈਦਾਨ 'ਚ ਮੁਕਾਬਲਾ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।
ਸੈਮੀਫ਼ਾਈਨਲ 'ਚ ਪਹੁੰਚਣ ਤੱਕ ਇਹ ਦੋਵੇਂ ਟੀਮਾਂ ਹਾਲੇ ਕੋਈ ਮੈਚ ਨਹੀਂ ਹਾਰੀਆਂ ਹਨ। ਭਾਰਤ ਨੇ ਕੁਆਰਟਰ ਫ਼ਾਈਨਲ ’ਚ ਆਸਟ੍ਰੇਲੀਆ ਨੂੰ ਅਤੇ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਨੂੰ ਹਰਾਇਆ ਸੀ।
ਭਾਰਤੀ ਟੀਮ ਦੀ ਪਲੇਇੰਗ-11 'ਚ ਯਸ਼ਾਸਵੀ ਜੈਸਵਾਲ, ਦਿਵਯਾਂਸ਼ ਸਕਸੈਨਾ, ਤਿਲਕ ਵਰਮਾ, ਪ੍ਰਿਯਮ ਗਰਗ (ਕਪਤਾਨ), ਧਰੁਵ ਜੁਰੇਲ, ਸਿੱਧੇਸ਼ ਵੀਰ, ਅਥਰਵ ਅੰਕੋਲੇਕਰ, ਰਵੀ ਬਿਸ਼ਨੋਈ, ਸੁਸ਼ਾਂਤ ਮਿਸ਼ਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ ਸ਼ਾਮਿਲ ਹਨ।
ਪਾਕਿਸਤਾਨੀ ਟੀਮ ਦੀ ਪਲੇਇੰਗ-11 'ਚ ਹੈਦਰ ਅਲੀ, ਮੁਹੰਮਦ ਹੁਰੈਰਾ, ਰੋਹੇਲ ਨਜ਼ੀਰ (ਕਪਤਾਨ), ਫਹਿਦ ਮੁਨੀਰ, ਕਾਸੀਮ ਅਕਰਮ, ਮੁਹੰਮਦ ਹੈਰਿਸ, ਇਰਫਾਨ ਖਾਨ, ਅੱਬਾਸ ਅਫਰੀਦੀ, ਤਾਹਿਰ ਹੁਸੈਨ, ਆਮਿਰ ਅਲੀ, ਮੁਹੰਮਦ ਆਮਿਰ ਖਾਨ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਸਾਲ 2018 ਦੇ ਅੰਡਰ-19 ਵਿਸ਼ਵ ਕੱਪ ਵਿੱਚ ਪਿਛਲੀ ਚੈਂਪੀਅਨ ਭਾਰਤ ਨੇ ਪਾਕਿਸਤਾਨ ਨੂੰ 203 ਦੌੜਾਂ ਨਾਲ ਹਰਾਇਆ ਸੀ। ਅੰਡਰ-19 ਕ੍ਰਿਕਟ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੁਣ ਤਕ ਕੁਲ 23 ਮੈਚ ਹੋਏ ਹਨ। ਭਾਰਤ ਨੂੰ 14 ਮੈਚਾਂ 'ਚ ਜਿੱਤ ਅਤੇ 8 ਮੈਚਾਂ 'ਚ ਹਾਰ ਮਿਲੀ ਹੈ। ਇੱਕ ਮੈਚ ਬਰਾਬਰੀ 'ਤੇ ਰਿਹਾ ਸੀ।
ਅੰਡਰ-19 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਨੇ ਪਾਕਿਸਤਾਨ ਨੂੰ 9 ਮੈਚਾਂ 'ਚੋਂ 4 ਵਾਰ ਹਰਾਇਆ ਹੈ, ਜਦਕਿ 5 ਵਾਰ ਪਾਕਿਸਤਾਨ ਨੇ ਜਿੱਤ ਪ੍ਰਾਪਤ ਕੀਤੀ ਹੈ। ਹਾਲਾਂਕਿ ਪਿਛਲੇ ਤਿੰਨ ਵਿਸ਼ਵ ਕੱਪ ਮੁਕਾਬਲਿਆਂ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ ਹੈ। ਪਾਕਿਸਤਾਨ ਦੀ ਟੀਮ 23 ਜਨਵਰੀ 2010 ਨੂੰ ਭਾਰਤ ਵਿਰੁੱਧ ਆਖਰੀ ਵਾਰ ਵਿਸ਼ਵ ਕੱਪ 'ਚ ਜਿੱਤੀ ਸੀ।
ਦੂਜਾ ਸੈਮੀਫਾਈਨਲ 6 ਫਰਵਰੀ ਨੂੰ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਕਾਰ ਹੋਵੇਗਾ। ਇਹ ਮੁਕਾਬਲਾ ਵੀ ਪੋਚੇਫਿਸਟੂਮ ਵਿਖੇ ਦੁਪਹਿਰ 1.30 ਵਜੇ ਖੇਡਿਆ ਜਾਵੇਗਾ।