ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਸੀਨੀਅਰ ਪੁਰਸ਼ ਕ੍ਰਿਕਟ ਟੀਮ ਦੇ ਕੇਂਦਰੀ ਇਕਰਾਰਨਾਮੇ ਦਾ ਐਲਾਨ ਕੀਤਾ, ਸਾਰਿਆਂ ਦਾ ਧਿਆਨ ਇਸ ਗੱਲ ਉੱਤੇ ਗਿਆ ਕਿ ਮਹਿੰਦਰ ਸਿੰਘ ਧੋਨੀ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਨਹੀਂ ਸੀ।
ਪਿਛਲੇ ਸਾਲ ਜੁਲਾਈ ਵਿੱਚ ਆਈਸੀਸੀ ਵਰਲਡ ਕੱਪ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ ਤੋਂ ਬਾਅਦ ਧੋਨੀ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਧੋਨੀ ਨੂੰ ਕੇਂਦਰੀ ਇਕਰਾਰਨਾਮੇ ਵਿੱਚ ਸ਼ਾਮਲ ਨਾ ਕੀਤੇ ਜਾਣ ਬਾਰੇ ਵੱਡਾ ਬਿਆਨ ਦਿੱਤਾ ਹੈ। ਸਹਿਵਾਗ ਨੇ ਕਿਹਾ ਕਿ ਇਹ ਧੋਨੀ ਲਈ ਬਹੁਤ ਸਪੱਸ਼ਟ ਸੰਦੇਸ਼ ਹੈ।
ਵਿਸ਼ਵ ਕੱਪ ਦੇ ਬਾਅਦ ਤੋਂ ਹੀ ਇਹ ਚਰਚਾ ਚੱਲ ਰਹੀ ਹੈ ਕਿ ਮਹਿੰਦਰ ਸਿੰਘ ਧੋਨੀ ਕਦੇ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਟੀਮ ਤੋਂ ਬਾਹਰ ਹੋਣ ਅਤੇ ਕੇਂਦਰੀ ਇਕਰਾਰਨਾਮੇ ਵਿੱਚ ਸ਼ਾਮਲ ਨਾ ਕੀਤੇ ਜਾਣ ਕਾਰਨ ਅਕਸਰ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਧੋਨੀ ਹੁਣ ਸੰਨਿਆਸ ਦਾ ਐਲਾਨ ਕਰਨਗੇ।
ਧੋਨੀ ਨੇ ਅਜੇ ਆਪਣੀ ਰਿਟਾਇਰਮੈਂਟ ਬਾਰੇ ਕੁਝ ਨਹੀਂ ਕਿਹਾ ਹੈ। ਕ੍ਰਿਕਟ ਤੋਂ ਬ੍ਰੇਕ ਬਾਰੇ ਪੁੱਛੇ ਗਏ ਸਵਾਲ 'ਤੇ ਧੋਨੀ ਨੇ ਕਿਹਾ ਕਿ ਜਨਵਰੀ ਵਿੱਚ ਉਨ੍ਹਾਂ ਤੋਂ ਕੁਝ ਨਾ ਪੁੱਛਿਆ ਜਾਵੇ। ਸਹਿਵਾਗ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਚੋਣਕਰਤਾਵਾਂ ਨੇ ਆਪਣਾ ਮਨ ਬਣਾ ਲਿਆ ਹੈ ਅਤੇ ਉਨ੍ਹਾਂ ਨੂੰ ਧੋਨੀ ਤੋਂ ਬਿਨਾਂ ਟੀਮ ਨੂੰ ਅੱਗੇ ਲਿਜਾਣਾ ਪਵੇਗਾ।
'ਧੋਨੀ ਨੂੰ ਸਾਫ਼ ਸੰਦੇਸ਼ ਦਿੱਤਾ ਗਿਆ'
ਸਹਿਵਾਗ ਨੇ ਕ੍ਰਿਕਬਜ ਨੂੰ ਕਿਹਾ ਕਿ ਮੇਰੇ ਖਿਆਲ 'ਚ ਚੋਣਕਰਤਾਵਾਂ ਨੇ ਆਪਣਾ ਮਨ ਬਣਾ ਲਿਆ ਹੈ ਕਿ ਜੇਕਰ ਧੋਨੀ ਦੀ ਟੀਮ 'ਚ ਨਹੀਂ ਚੁਣਨਾ ਹੈ, ਤਾਂ ਜਿਹੇ ਵਿੱਚ ਬੀ.ਸੀ.ਸੀ.ਆਈ ਨੇ ਵੀ ਆਪਣਾ ਮਨ ਬਣਾਇਆ।
ਗ੍ਰੇਡ ਚੋਣਕਰਤਾ ਬਣਾਉਂਦੇ ਹਨ, ਜਦੋਂ ਉਹ ਮਨ ਬਣਾ ਚੁੱਕੇ ਹਨ ਕਿ ਧੋਨੀ ਨੂੰ ਟੀਮ ਵਿੱਚ ਸ਼ਾਮਲ ਨਹੀਂ ਕਰਨਾ ਹੈ ਤਾਂ ਉਨ੍ਹਾਂ ਨੇ ਕੇਂਦਰੀ ਇਕਰਾਰਨਾਮੇ ਵਿੱਚ ਸ਼ਾਮਲ ਨਾ ਕਰਨਾ ਹੀ ਸਹੀ ਸੀ। ਧੋਨੀ ਲਈ ਇਹ ਇਕ ਸਪਸ਼ਟ ਸੰਦੇਸ਼ ਹੈ ਕਿ ਤੁਸੀਂ ਜਦੋਂ ਵੀ ਚਾਹੁੰਦੇ ਹੋ ਰਿਟਾਇਰਮੈਂਟ ਦਾ ਐਲਾਨ ਕਰ ਸਕਦੇ ਹੋ।