ਬ੍ਰਾਂਡਨ ਕਿੰਗ (43) ਅਤੇ ਆਂਦਰੇ ਰਸੇਲ (ਅਜੇਤੂ 40) ਦੀ ਪਾਰੀ ਦੀ ਬਦੌਲਤ ਵੈਸਟਇੰਡੀਜ਼ ਨੇ ਦੂਜੇ ਟੀ20 'ਚ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਟੀ20 ਲੜੀ 2-0 ਨਾਲ ਜਿੱਤ ਲਈ। ਕੈਰੇਬੀਅਨ ਟੀਮ ਨੇ ਸਾਲ 2018 ਤੋਂ ਬਾਅਦ ਪਹਿਲੀ ਟੀ20 ਸੀਰੀਜ਼ ਜਿੱਤੀ ਹੈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਨੇ 6 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਨੇ 18 ਗੇਂਦਾਂ ਬਾਕੀ ਰਹਿੰਦਿਆਂ 158 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਮੈਚ 'ਚ ਰਸੇਲ ਨੇ 14 ਗੇਂਦਾਂ ਵਿੱਚ 6 ਛੱਕਿਆਂ ਦੀ ਮਦਦ ਨਾਲ 40 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਦੇ ਲਈ ਉਹ ਮੈਨ ਆਫ ਦੀ ਮੈਚ ਚੁਣਿਆ ਗਿਆ।
ਇਸ ਜਿੱਤ ਨਾਲ ਕੈਰੇਬੀਅਨ ਟੀਮ ਨੇ ਵਨਡੇ ਲੜੀ 'ਚ 3-0 ਨਾਲ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਰਸੇਲ ਨੂੰ ਟੀ20 ਲੜੀ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦੀ ਸੀਰੀਜ਼ ਦਾ ਐਵਾਰਡ ਵੀ ਦਿੱਤਾ ਗਿਆ। ਪਹਿਲੇ ਟੀ20 'ਚ ਵੈਸਟਇੰਡੀਜ਼ ਨੇ ਸ੍ਰੀਲੰਕਾ ਨੂੰ 25 ਦੌੜਾਂ ਨਾਲ ਹਰਾਇਆ ਸੀ।
ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਆਂਦਰੇ ਰਸੇਲ ਨੇ ਸ੍ਰੀਲੰਕਾ ਵਿਰੁੱਧ ਵੀ ਤੂਫ਼ਾਨੀ ਰਫ਼ਤਾਰ ਨਾਲ ਬੱਲੇਬਾਜ਼ੀ ਕੀਤੀ। ਰਸੇਲ ਨੇ ਪਾਲੇਕਲ ਦੇ ਮੈਦਾਨ 'ਚ 14 ਗੇਂਦਾਂ ਵਿੱਚ 40 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਸਿਰਫ਼ 17 ਓਵਰਾਂ 'ਚ ਮੈਚ ਜਿੱਤਵਾ ਦਿੱਤਾ। ਇਸ ਪਾਰੀ ਦੌਰਾਨ ਰਸੇਲ ਨੇ 6 ਛੱਕੇ ਲਗਾਏ।