ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਉਨ੍ਹਾਂ ਦੀ ਮਾਂ ਦਲਜੀਤ ਕੌਰ ਨੇ ਸੋਸ਼ਲ ਮੀਡੀਆ ’ਤੇ ਇੱਕ ਵਿਡੀਓ ਸਾਂਝੀ ਕਰਦਿਆਂ ਸ਼ੁਰੂਆਤੀ ਦਿਨਾਂ ਵਿੱਚ ਪੇਸ਼ ਆਉਣ ਵਾਲੀਆਂ ਔਕੜਾਂ ਬਾਰੇ ਦੱਸਿਆ। ਮੁੰਬਈ ਇੰਡੀਅਨਜ਼ ਨੇ ਆਪਣੇ ਟਵਿਟਰ ਅਕਾਊਂਟ ਉੱਤੇ ਇੱਕ ਵਿਡੀਓ ਪੋਸਟ ਕੀਤਾ ਹੈ; ਜਿਸ ਵਿੱਚ ਬੁਮਰਾਹ ਤੇ ਉਨ੍ਹਾਂ ਦੀ ਮਾਂ ਪੁਰਾਣੇ ਦਿਨਾਂ ਦੀਆਂ ਗੱਲਾਂ ਕਰ ਰਹੇ ਸਨ।
ਜਸਪ੍ਰੀਤ ਦੀ ਮਾਂ ਦਲਜੀਤ ਕੌਰ ਨੇ ਦੱਸਆ ਕਿ ਜਦੋਂ ਜਸਪ੍ਰੀਤ ਪੰਜ ਸਾਲਾਂ ਦਾ ਸੀ; ਤਦ ਉਨ੍ਹਾਂ ਆਪਣੇ ਪਤੀ ਅਕਾਲ ਚਲਾਣਾ ਕਰ ਗਏ ਸਨ। ਖ਼ੁਦ ਜਸਪ੍ਰੀਤ ਬੁਮਰਾਹ ਨੇ ਦੱਸਿਆ,‘ਇਸ ਤੋਂ ਬਾਅਦ ਅਸੀਂ ਕੁਝ ਵੀ ਨਹੀਂ ਖ਼ਰੀਦ ਸਕਦੇ ਸਨ। ਮੇਰੇ ਕੋਲ ਸਿਰਫ਼ ਇੱਕ ਜੋੜੀ ਜੁੱਤੀਆਂ ਦੀ ਸੀ ਤੇ ਇੱਕ ਟੀ–ਸ਼ਰਟ ਹੁੰਦੀ ਸੀ। ਮੈਂ ਸਦਾ ਉਸੇ ਨੂੰ ਧੋ ਕੇ ਵਰਤਦਾ ਸਾਂ।’
ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਇੱਕ ਬੱਚੇ ਦੇ ਰੂਪ ਵਿੰਚ ਅਜਿਹੀਆਂ ਕਹਾਣੀਆਂ ਸੁਣਦੇ ਹਾਂ ਕਿ ਕਦੇ–ਕਦੇ ਕੁਝ ਲੋਕ ਤੁਹਾਨੂੰ ਵੇਖਦੇ ਹਨ ਤੇ ਤੁਹਾਡੀ ਚੋਣ ਹੋ ਜਾਂਦੀ ਹੈ ਪਰ ਮੇਰੇ ਮਾਮਲੇ ਵਿੱਚ ਇਹ ਸੱਚਮੁਚ ਹੋ ਗਿਆ।
ਸ੍ਰੀਮਤੀ ਦਲਜੀਤ ਕੌਰ ਨੇ ਕਿਹਾ ਕਿ ਪਹਿਲੀ ਵਾਰ ਜਸਪ੍ਰੀਤ ਨੂੰ ਆਈਪੀਐੱਲ ਵਿੱਚ ਖੇਡਦਿਆਂ ਵੇਖ ਕੇ ਉਹ ਆਪਣੀਆਂ ਅੱਖਾਂ ’ਚੋਂ ਅੱਥਰੂ ਨਹੀਂ ਰੋਕ ਸਕੇ ਸਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਜਦੋਂ ਮੈਂ ਉਸ ਨੂੰ ਟੀਵੀ ਉੱਤੇ ਆਈਪੀਐੱਲ ਮੈਚ ਵੇਖਿਆ ਸੀ; ਤਾਂ ਮੈਂ ਆਪਣੇ ਹੰਝੂ ਨਹੀਂ ਰੋਕ ਸਕੀ ਸਾਂ। ਉਸ ਨੇ ਮੈਨੂੰ ਆਰਥਿਕ ਤੇ ਸਰੀਰਕ ਤੌਰ ਉੱਤੇ ਸੰਘਰਸ਼ ਕਰਦਿਆਂ ਵੇਖਿਆ ਹੈ।
ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਬਚਪਨ ਦੀਆਂ ਔਕੜਾਂ ਦਾ ਸਾਹਮਣਾ ਕਰ ਕੇ ਹੀ ਉਹ ਮਜ਼ਬੂਤ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਔਖੇ ਦਿਨ ਤੁਹਾਨੂੰ ਮਜ਼ਬੂਤ ਬਣਾਉਂਦੇ ਹਨ। ਜਿਸ ਨੇ ਔਖੇ ਦਿਨ ਵੇਖੇ ਹੋਣ, ਉਹ ਮਜ਼ਬੂਤ ਬਣ ਹੀ ਜਾਂਦਾ ਹੈ।