ਚੀਨ ਦੇ ਸੂਬੇ ਹੁਵੇਈ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਪੂਰੀ ਦੁਨੀਆ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ। ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 7,000 ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਤੇ ਦੋ ਲੱਖ ਦੇ ਲਗਭਗ ਵਿਅਕਤੀ ਇਸ ਤੋਂ ਪ੍ਰਭਾਵਿਤ ਹਨ।
ਵਿਸ਼ਵ ਸਿਹਤ ਸੰਗਠਨ ਦੇ ਨਾਲ–ਨਾਲ ਸੈਂਕੜੇ ਦੇਸ਼ ਇਸ ਨੂੰ ਮਹਾਮਾਰੀ ਕਰਾਰ ਦੇ ਚੁੱਕੇ ਹਨ। ਇਸ ਕਾਰਨ ਦੁਨੀਆ ਭਰ ਦੇ ਪ੍ਰਮੁੱਖ ਸਮਾਰੋਹ, ਪ੍ਰੋਗਰਾਮ ਰੱਦ ਜਾਂ ਮੁਲਤਵੀ ਕੀਤੇ ਜਾ ਚੁੱਕੇ ਹਨ ਤੇ ਲਗਾਤਾਰ ਕੀਤੇ ਜਾ ਰਹੇ ਹਨ।
ਇਸ ਵਰ੍ਹੇ ਹੋਣ ਵਾਲੀਆਂ ਉਲੰਪਿਕ ਖੇਡਾਂ ਦਾ ਮੇਜ਼ਬਾਨ ਜਾਪਾਨ ਵੀ ਕੋਰੋਨਾ ਵਾਇਰਸ ਤੋਂ ਬਚ ਨਹੀਂ ਸਕਿਆ ਹੈ। ਅਜਿਹੇ ਹਾਲਾਤ ’ਚ ਇਹ ਵੱਡਾ ਸੁਆਲ ਸਭ ਦੇ ਜ਼ਿਹਨ ’ਚ ਆ ਰਿਹਾ ਹੈ ਕਿ ਕੀ ਜੁਲਾਈ–ਅਗਸਤ ’ਚ ਟੋਕੀਓ ਵਿਖੇ ਉਲੰਪਿਕ ਖੇਡਾਂ–2020 ਹੋਣਗੀਆਂ ਕਿ ਨਹੀਂ?
ਟੋਕੀਓ ਉਲੰਪਿਕਸ–2020 ਦੀ ਸ਼ੁਰੂਆਤ ਸ਼ੁੱਕਰਵਾਰ 24 ਜੁਲਾਈ ਨੂੰ ਹੋਣੀ ਤੈਅ ਹੈ ਤੇ ਇਹ ਕੌਮਾਂਤਰੀ ਖੇਡਾਂ 9 ਅਗਸਤ ਨੂੰ ਸੰਪੰਨ ਹੋਣੀਆਂ ਹਨ।
ਕੌਮਾਂਤਰੀ ਉਲੰਪਿਕ ਕਮੇਟੀ (IOC) ਨੇ ਹਾਲੇ ਇਸ ਬਾਰੇ ਕੁਝ ਸਪੱਸ਼ਟ ਨਹੀਂ ਕੀਤਾ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਬੀਤੇ ਦਿਨੀਂ ਕਿਹਾ ਸੀ ਕਿ ਜਾਪਾਨ ਜੁਲਾਈ–ਅਗਸਤ ’ਚ ਉਲਿੰਪਿਕ ਖੇਡਾਂ ਦੀ ਮੇਜ਼ਬਾਨੀ ਕਰਵਾਉਣ ਦੇ ਸਮਰੱਥ ਹੋਵੇਗਾ।
ਜਾਪਾਨ ਉਲੰਪਿਕ ਕਮੇਟੀ ਦੇ ਮੀਤ ਪ੍ਰਧਾਨ ਤੇ ਜਾਪਾਨ ਫ਼ੁਟਬਾਲ ਸੰਘ ਦੇ ਮੁਖੀ ਕੋਜੋ ਤਾਸ਼ੀਮਾ ਵੀ ਹੁਣ ਕੋਰੋਨਾ ਵਾਇਰਸ ਦੀ ਲਪੇਟ ’ਚ ਹਨ। ਇਹ ਵਾਇਰਸ ਜਾਪਾਨ ’ਚ ਵੀ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ।
IOC ਦੇ ਮੁਖੀ ਥਾਮਸ ਬਾਕ ਨੇ ਹੋਰ ਖੇਡ ਮੁਖੀਆਂ ਨਾਲ ਇੱਕ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਉਲੰਪਿਕ ਦੇ ਆਯੋਜਨ ਦੀ ਸੰਭਾਵਨਾ ਨੂੰ ਲੈ ਕੇ ਵਿਚਾਰ–ਵਟਾਂਦਰਾ ਹੋਵੇਗਾ। ਇਸ ਮੀਟਿੰਗ ਦੇ ਕੁਝ ਠੋਸ ਨਤੀਜੇ ਨਿੱਕਲਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਹਾਲੇ ਜੋ ਹਾਲਾਤ ਹਨ, ਉਸ ਤੋਂ ਬਿਲਕੁਲ ਵੀ ਨਹੀਂ ਜਾਪਦਾ ਕਿ ਸ੍ਰੀ ਬਾਕ ਤੇ ਹੋਰ ਖੇਡ ਪ੍ਰਸ਼ਾਸਕ ਕਿਸੇ ਨਤੀਜੇ ’ਤੇ ਪੁੱਜ ਸਕਣਗੇ।
ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਨਾਲ ਹੋਣ ਵਾਲੇ ਨੁਕਸਾਨ ਦਾ ਅਨੁਮਾਨ ਲਾਉਣ ਦਾ ਜਤਨ ਜ਼ਰੂਰ ਕੀਤਾ ਜਾ ਸਕਦਾ ਹੈ। ਪਰ ਇੱਥੇ ਇਹ ਧਿਆਨ ਰੱਖਣਾ ਹੋਵੇਗਾ ਕਿ ਜਾਨ ਤੋਂ ਵੱਧ ਕੀਮਤ ਕਿਸੇ ਚੀਜ਼ ਦੀ ਨਹੀਂ ਹੋ ਸਕਦੀ। ਇਸ ਵੇਲੇ ਇਨਸਾਨੀ ਜਾਨਾਂ ਬਚਾਉਣਾ ਸਭ ਤੋਂ ਵੱਧ ਜ਼ਰੂਰੀ ਹੈ।