ਅਗਲੀ ਕਹਾਣੀ

ਚੰਡੀਗੜ੍ਹ `ਚ ਬਣਿਆ ਭਾਰਤ ਦਾ ਪਹਿਲਾ ਮਾਈਕ੍ਰੋ-ਪ੍ਰੋਸੈਸਰ - ਸ਼ਕਤੀ

ਚੰਡੀਗੜ੍ਹ `ਚ ਬਣਿਆ ਭਾਰਤ ਦਾ ਪਹਿਲਾ ਮਾਈਕ੍ਰੋ-ਪ੍ਰੋਸੈਸਰ - ਸ਼ਕਤੀ

ਭਾਰਤ ਨੇ ਆਪਣਾ ਪਹਿਲਾ ਮਾਈਕ੍ਰੋ-ਪ੍ਰੋਸੈਸਰ ਬਣਾਉਣ `ਚ ਸਫ਼ਲਤਾ ਹਾਸਲ ਕਰ ਲਈ ਹੈ। ਇਹ ਮਾਅਰਕਾ ‘ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ - ਮਦਰਾਸ` (ਆਈਆਈਟੀ-ਐੱਮ - IIT-M) ਦੀ ਟੀਮ ਨੇ ਮਾਰ ਕੇ ਵਿਖਾਇਆ ਹੈ। ਖੋਜੀ ਟੀਮ ਦੇ ਮੈਂਬਰਾਂ ਨੇ ਦੇਸ਼ `ਚ ਬਣੇ ਇਸ ਪਹਿਲੇ ਮਾਈਕ੍ਰੋ-ਪ੍ਰੋਸੈਸਰ ਦਾ ਨਾਂਅ ‘ਸ਼ਕਤੀ` ਰੱਖਿਆ ਹੈ। ਪੰਜਾਬ ਲਈ ਇਹ ਹੋਰ ਵੀ ਵੱਡੇ ਮਾਣ ਵਾਲੀ ਗੱਲ ਹੈ ਕਿ ਖੋਜੀ ਟੀਮ ਨੇ ਇਹ ਮਾਈਕ੍ਰੋ-ਪ੍ਰੋਸੈਸਰ ਚੰਡੀਗੜ੍ਹ ਸਥਿਤ ‘ਇੰਡੀਅਨ ਸਪੇਸ ਰਿਸਰਚ ਆਰਗੇਨਾਇਜ਼ੇਸ਼ਨ` (ISRO - ਇਸਰੋ - ਭਾਰਤੀ ਪੁਲਾੜ ਖੋਜ ਸੰਗਠਨ) ਦੀ ਸੈਮੀ-ਕੰਡਕਟਰ ਲੈਬਾਰੇਟਰੀ `ਚ ਤਿਆਰ ਕੀਤਾ ਹੈ।


ਇੱਥੇ ਵਰਨਣਯੋਗ ਹੈ ਕਿ ਬੀਤੇ ਜੁਲਾਈ ਮਹੀਨੇ ਦੌਰਾਨ ਇਸ ਚਿੱਪ ਦੇ ਮੁਢਲੇ ਸੰਸਕਰਣ (ਵਰਜ਼ਨ) ਦੀਆਂ 300 ਇਕਾਈਆਂ ਅਮਰੀਕਾ ਸਥਿਤ ਇੰਟਲ ਦੀ ਓਰੇਗੌਨ ਸੂਬੇ `ਚ ਮੌਜੂਦ ਫ਼ੈਕਟਰੀ ਵਿੱਚ ਤਿਆਰ ਕੀਤੀਆਂ ਗਈਆਂ ਸਨ ਤੇ ਉਸ ਦਾ ਨਾਂਅ ‘ਰਾਈਜ਼ਕ੍ਰੀਕ` ਦਿੱਤਾ ਗਿਆ ਸੀ।


ਇਸ ਪ੍ਰੋਜੇਕਟ ਦੀ ਸ਼ੁਰੂਆਤ ਅਸਲ `ਚ 2011 `ਚ ਹੋਈ ਸੀ ਅਤੇ ਇਸ ਨੂੰ ਸਾਲ 2017 ਦੌਰਾਨ ਸਰਕਾਰ ਤੋਂ 11 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਸੀ। ਆਈਆਈਟੀ-ਐੱਮ ਵਿਖੇ ਸਥਿਤ ‘ਰੀਕਨਫਿ਼ਗਰੇਬਲ ਇੰਟੈਲੀਜੈਂਟ ਸਿਸਟਮਜ਼ ਇੰਜੀਨੀਅਰਿੰਗ` (ਰਾਈਜ਼) ਸਥਿਤ ਟੀਮ ਦੀ ਅਗਵਾਈ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਵੀਜ਼ੀਨਾਥਨ ਨੇ ਕੀਤੀ ਸੀ।


ਪ੍ਰੋਫ਼ੈਸਰ ਵੀਜ਼ੀਨਾਥਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਸਿੱਧ ਕਰ ਦਿੱਤਾ ਹੈ ਕਿ ਮਾਈਕ੍ਰੋ-ਪ੍ਰੋਸੈਸਰ ਭਾਰਾਤ ਵਿੱਚ ਵੀ ਡਿਜ਼ਾਈਨ, ਵਿਕਸਤ ਤੇ ਫ਼ੈਬ੍ਰੀਕੇਟ ਕੀਤਾ ਜਾ ਸਕਦਾ ਹੈ। ਇਹ ਭਾਰਤ ਲਈ ਬਹੁਤ ਅਹਿਮ ਹੈ। ਇਸ ਦੀ ਖ਼ਾਸੀਅਤ ਇਹ ਵੀ ਹੈ ਕਿ ਹਰੇਕ ਦੇਸ਼ ਇਸ ਮਾਈਕ੍ਰੋਪ੍ਰੋਸੈਸਰ ਆਪਣੇ ਹਿਸਾਬ ਨਾਲ ਤਿਆਰ ਕਰ ਸਕਦਾ ਹੈ ਤੇ ਇਹੋ ਸਭ ਨੂੰ ਪਸੰਦ ਵੀ ਆਵੇਗਾ।


ਪ੍ਰੋਫ਼ੈਸਰ ਵੀਜ਼ੀਨਾਥਨ ਨੇ ਇਹ ਵੀ ਦੱਸਿਆ ਕਿ ਅਮਰੀਕਾ `ਚ ਤਿਆਰ ਹੋਣ ਵਾਲੇ ਅਜਿਹੇ ਮਾਈਕ੍ਰੋ-ਪ੍ਰੋਸੈਸਰ ਲਈ 20ਐੱਨਐੱਮ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਭਾਰਤ ਦੀ ਟੀਮ ਨੇ ਇਸ ਵਿੱਚ 180ਐੱਨਐੱਮ ਪ੍ਰੋਸੈਸ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦਾ ਮਾਈਕ੍ਰੋ-ਪ੍ਰੋਸੈਸਰ ਇੱਕ ਸਮਾਰਟਫ਼ੋਨ ਲਈ ਵੀ ਊਰਜਾ/ਬਿਜਲੀ ਨਹੀਂ ਦੇ ਸਕਦਾ ਪਰ ਭਾਰਤ `ਚ ਤਿਆਰ ਹੋਇਆ ਇਹ ਮਾਈਕ੍ਰੋ-ਪ੍ਰੋਸੈਸਰ ਇੱਕ ਵਾਸਿ਼ੰਗ-ਮਸ਼ੀਨ ਜਾਂ ਸਮਾਰਟ ਕੈਮਰਾ ਤੱਕ ਨੂੰ ਵੀ ਚਲਾ ਸਕਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s first Micorprocessor Shakti developed at Chandigarh