ਇਰਾਨ ਨੇ ਅਮਰੀਕਾ ਨੂੰ ਇਕ ਡਿਪਲੋਮੈਟ ਨੋਟ ਭੇਜਕੇ ਸਊਦੀ ਅਰਬ ਦੇ ਤੇਲ ਖੇਤਰ ਉਤਿੇ ਹਮਲੇ ਵਿਚ ਆਪਣੇ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਨਾਲ ਹੀ ਕਿਹਾ ਕਿ ਉਹ ਕਿਸੇ ਵੀ ਕਾਰਵਾਈ ਦਾ ਪੂਰੀ ਮਜ਼ਬੂਤੀ ਨਾਲ ਜਵਾਬ ਦੇਵੇਗਾ। ਇਹ ਜਾਦਕਾਰੀ ਬੁੱਧਵਾਰ ਨੂੰ ਇੱਥੋਂ ਦੇ ਸਰਕਾਰੀ ਮੀਡੀਆ ਨੇ ਦਿੱਤੀ।
ਅਧਿਕਾਰਤ ਸਮਾਚਾਰ ਏਜੰਸੀ ਇਰਨਾ ਨੇ ਦੱਸਿਆ ਕਿ ਇਰਾਨ ਨੇ ਸਿਵਟਜਰਲੈਂਡ ਦੇ ਦੂਤਾਵਾਸ ਰਾਹੀਂ ਅਮਰੀਕਾ ਨੂੰ ਰਸਮੀ ਤੌਰ ਉਤੇ ਨੋਟ ਭੇਜਿਆ ਹੈ। ਇਸ ਵਿਚ ਜੋਰ ਦੇ ਕੇ ਕਿਹਾ ਗਿਆ ਹੈ ਕਿ ਇਰਾਨ ਦੀ ਇਸ ਹਮਲੇ ਵਿਚ ਕੋਈ ਭੂਮਿਕਾ ਨਹੀਂ ਹੈ।
ਇਰਨਾ ਨੇ ਦੱਸਿਆ ਕਿ ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਈਕ ਪੋਪੀਓ ਦੇ ਹਮਲੇ ਵਿਚ ਉਸਦਾ ਹੱਥ ਹੋਣ ਦੇ ਦਾਅਵੇ ਦਾ ਖੰਡਨ ਅਤੇ ਨਿੰਦਾ ਕੀਤੀ ਹੈ। ਇਰਨਾ ਨੇ ਕਿਹਾ ਕਿ ਨੋਟ ਵਿਚ ਕਿਹਾ ਗਿਆ ਹੈ ਕਿ ਜੇਕਰ ਇਰਾਨ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਰਾਨ ਵੱਲੋਂ ਵੀ ਤੁਰੰਤ ਜਵਾਬ ਦਿੱਤਾ ਜਾਵੇਗਾ ਅਤੇ ਇਹ ਕੇਵਲ ਧਮਕੀ ਤੱਕ ਸੀਮਤ ਨਹੀਂ ਹੋਵੇਗਾ।
ਇਹ ਸੰਦੇਸ਼ ਅਮਰੀਕਾ ਨੂੰ ਸੋਮਵਾਰ (16 ਸਤੰਬਰ) ਦੁਪਹਿਰ ਨੂੰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ (14 ਸਤੰਬਰ) ਦੇ ਹਮਲੇ ਬਾਅਦ ਸਊਦੀ ਅਰਬ ਦੀ ਤੇਲ ਕੰਪਨੀ ਅਰਮਾਕੋ ਦੇ ਅਬਕੈਕ ਅਤੇ ਖੁਰਾਅਸ ਵਿਚ ਤੇਲ ਖੇਤਰ ਵਿਚ ਉਤਪਾਦਨ ਘਟ ਕੇ ਅੱਧਾ ਰਹਿ ਗਿਆ ਹੈ।