ਅਮਰੀਕਾ ’ਚ 10 ਸਾਲਾਂ ਦੇ ਇੱਕ ਬੱਚੇ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀ; ਜਿਸ ਕਾਰਨ ਸਮੁੱਚੇ ਇਲਾਕੇ ’ਚ ਭਾਜੜਾਂ ਮੱਚ ਗਈਆਂ। ਇਹ ਘਟਨਾ ਸੈਨ ਡੀਐਗਾ ਸ਼ਹਿਰ ਦੇ ਬੋਸਟਨ ਐਵੇਨਿਊ ਦੀ ਹੈ।
ਪੁਲਿਸ ਵਿਭਾਗ ਦੇ ਸ਼ਾੱਨ ਤਾਕੇਊਚੀ ਨੇ ਦੱਸਿਆ ਕਿ ਲੜਕੇ ਦੇ ਮਾਪਿਆਂ ਨੇ ਵੀਰਵਾਰ ਸਵੇਰੇ 9:15 ਵਜੇ ਪੁਲਿਸ ਨੂੰ ਫ਼ੋਨ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਮਾਨਸਿਕ ਤੌਰ ’ਤੇ ਕੁਝ ਪਰੇਸ਼ਾਨ ਤੇ ਉਸ ਨੇ ਖ਼ੁਦ ਨੂੰ ਹਥੌੜੇ ਤੇ ਚਾਕੂ ਨਾਲ ਲੈਸ ਕਰ ਲਿਆ ਹੈ।
ਖ਼ਬਰ ਮਿਲਦਿਆਂ ਹੀ ਅਧਿਕਾਰੀ ਉਸ ਲੜਕੇ ਦੇ ਘਰ ਪੁੱਜੇ। ਸ੍ਰੀ ਤਾਕੇਊਚੀ ਨੇ ਦੱਸਿਆ ਕਿ ਜਦੋਂ ਪੁਲਿਸ ਬੋਸਟਨ ਐਵੇਨਿਊ ਸਥਿਤ ਉਸ ਘਰ ’ਚ ਪੁੱਜੀ, ਤਾਂ ਬੱਚਾ ਵਿਹੜੇ ’ਚ ਭੱਜ ਗਿਆ ਤੇ ਜਾ ਕੇ ਇੱਕ ਛੱਪਰ ਹੇਠਾਂ ਲੁਕ ਗਿਆ।
ਉੱਥੇ ਛੱਪਰ ’ਚ ਪਹਿਲਾਂ ਤੋਂ ਇੱਕ ਸ਼ਾੱਟ–ਗੰਨ ਮੌਜੂਦ ਸੀ। ਉਸ ਨੇ ਲੜਕੇ ਨੇ ਉਹ ਸ਼ਾੱਟ–ਗੰਨ ਚੁੱਕੀ ਤੇ ਅਧਿਕਾਰੀਆਂ ’ਤੇ ਦੋ ਰਾਊਂਡ ਗੋਲ਼ੀਆਂ ਦਾਗ ਦਿੱਤੀਆਂ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੇ ਕਿਸੇ ਵੀ ਟੀਮ–ਮੈਂਬਰ ਦਾ ਕੋਈ ਨੁਕਸਾਨ ਹੋਣ ਤੋਂ ਬਚਾਅ ਹੀ ਰਿਹਾ। ਉਸੇ ਦੌਰਾਨ ਉੱਥੇ ਦਰਜਨਾਂ ਪੁਲਿਸ ਵਾਹਨ ਇਕੱਠੇ ਹੋ ਗਏ।
ਛੱਪਰ ਦੇ ਆਲੇ–ਦੁਆਲੇ ਦੇ ਵੀ ਸਾਰੇ ਘਰਾਂ ਨੂੰ ਪੁਲਿਸ ਨੇ ਖ਼ਾਲੀ ਕਰਵਾ ਦਿੱਤਾ। ਸਵੇਰੇ 11:15 ਵਜੇ ਲੜਕੇ ਨੇ ਪੁਲਿਸ ਸਾਹਮਣੇ ਆਪੇ ਹੀ ਆਤਮ–ਸਮਰਪਣ ਕਰ ਦਿੱਤਾ। ਤਦ ਵੀ ਉਸ ਦੇ ਹੱਥ ’ਚ ਹਥਿਆਰ ਸੀ।
ਲੜਕੇ ਨੂੰ ਸਹੀ–ਸਲਾਮਤ ਹਿਰਾਸਤ ’ਚ ਲੈ ਲਿਆ ਗਿਆ ਹੈ। ਇਸ ਵੇਲੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਹੈ।