ਇਸ ਵਾਰ 100 ਦੇ ਲਗਭਗ ਭਾਰਤੀ ਮੂਲ ਦੇ ਵਿਅਕਤੀ ਚੋਣ ਮੈਦਾਨ `ਚ ਹਨ, ਜਿਨ੍ਹਾਂ `ਚੋਂ ਬਹੁਤ ਸਾਰੇ ਪੰਜਾਬੀ ਵੀ ਹਨ। ਉਹ ਸੰਸਦੀ, ਸੂਬਾਈ ਵਿਧਾਨ ਸਭਾ ਤੇ ਸਥਾਨਕ ਨਗਰ ਕੌਂਸਲਾਂ ਆਦਿ ਲਈ ਚੋਣ ਲੜ ਰਹੇ ਹਨ। ਇਹ ਗਿਣਤੀ ਪਿਛਲੇ ਸਾਲ 2017 ਦੇ ਮੁਕਾਬਲੇ ਦੁੱਗਣੀ ਹੈ। ਇਸੇ ਲਈ ਅਮਰੀਕਾ ਦਾ ਮੁੱਖਧਾਰਾ ਦਾ ਮੀਡੀਆ ਐਤਕੀਂ ਉਨ੍ਹਾਂ ਦੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸਿ਼ਤ ਅਤੇ ਪ੍ਰਸਾਰਿਤ ਕਰ ਰਿਹਾ ਹੈ। ਅਮਰੀਕਾ ਦੇ ਕੇਟੀਆਈਸੀ ਰੇਡੀਓ ਤੇ ਏਬੀਸੀ ਨਿਊਜ਼ ਜਿਹੇ ਮੁੱਖ ਖ਼ਬਰ-ਸਰੋਤਾਂ ਮੁਤਾਬਕ ਇਨ੍ਹਾਂ ਪਰਵਾਸੀ ਭਾਰਤੀ ਉਮੀਦਵਾਰਾਂ ਨੂੰ ਭਾਰਤੀ ਮੂਲ ਦੇ ਹੀ ਨਹੀਂ,ਸਗੋਂ ਗੋਰੇ ਵੋਟਰਾਂ ਤੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਨ੍ਹਾਂ `ਚੋਂ ਕੁਝ ਤਾਂ ਦੇਸ਼ ਦੀਆਂ ਦੋ ਪ੍ਰਮੁੱਖ ਪਾਰਟੀਆਂ ਡੈਮੋਕ੍ਰੇਟਿਕ ਅਤੇ ਰੀਪਬਲਿਕਨ ਨਾਲ ਜ਼ੁੜੇ ਹੋਏ ਹਨ ਪਰ ਬਹੁਤੇ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜ ਰਹੇ ਹਨ। ਅਮਰੀਕਾ `ਚ ਵੱਖੋ-ਵੱਖਰੇ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਨਿੱਤ ਵਧਦੀ ਜਾ ਰਹੀ ਹੈ।
‘ਅਮੈਰਿਕਨ ਇੰਪੈਕਟ ਫ਼ੰਡ` ਨੇ ਇਸ ਸਬੰਧੀ ਇੱਕ ਸਰਵੇਖਣ ਕਰਵਾਇਆ, ਜਿਸ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ ਪਿਛਲੇ ਵਰ੍ਹੇ ਭਾਰਤੀ ਮੂਲ ਦੇ 45 ਉਮੀਦਵਾਰ ਵੱਖੋ-ਵੱਖਰੀਆਂ ਚੋਣਾਂ ਲੜ ਰਹੇ ਸਨ, ਜਿਨ੍ਹਾਂ `ਚੋਂ 25 ਜਿੱਤ ਗਏ ਸਨ। ਪਰ ਇਸ ਵਾਰ ਇਹ ਗਿਣਤੀ ਦੁੱਗਣੀ ਤੋਂ ਵੀ ਜਿ਼ਆਦਾ ਹੋ ਗਈ ਹੈ।
ਉਂਝ ਭਾਰਤੀ ਮੂਲ ਦੇ ਹਜ਼ਾਰਾਂ ਲੋਕ ਅਮਰੀਕਾ `ਚ ਸਿਆਸੀ ਤੌਰ `ਤੇ ਸਰਗਰਮ ਹਨ; ਜਿਨ੍ਹਾਂ `ਚੋਂ ਕੁਝ ਤਾਂ ਬਹੁਤ ਅਮੀਰ ਵੀ ਹਨ।