ਮੈਕਸੀਕੋ ਦੇ ਚਿਹੁਆਹੁ ਸੂਬੇ 'ਚ ਵੀਰਵਾਰ ਨੂੰ ਮੁਸਾਫਰਾਂ ਨਾਲ ਭਰੀ ਇੱਕ ਬੱਸ ਪੁੱਲ ਦੀ ਰੇਲਿੰਗ ਨਾਲ ਟਕਰਾ ਗਈ। ਇਸ ਹਾਦਸੇ 'ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ।
ਏ.ਡੀ.ਐਨ.-40 ਦੀ ਰਿਪੋਰਟ ਮੁਤਾਬਿਕ ਇਹ ਹਾਦਸਾ ਡੇਲਿਸਿਅਸ-ਸੌਸੀਲੋ ਹਾਈਵੇਅ 'ਤੇ ਵਾਪਰਿਆ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਪੁਲ ਦੀ ਰੇਲਿੰਗ ਨਾਲ ਟਕਰਾ ਜਾਣ ਤੋਂ ਬਾਅਦ ਪਲਟ ਗਈ, ਜਿਸ ਕਾਰਨ ਬੱਸ 'ਚ ਸਵਾਰ ਮੁਸਾਫਰ ਗੰਭੀਰ ਜ਼ਖਮੀ ਹੋ ਗਏ।
ਹਾਦਸਾ ਇੰਨਾ ਭਿਆਨਕ ਸੀ ਕਿ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 32 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਤਿੰਨ ਲੋਕਾਂ ਦੀ ਹਸਪਤਾਲ 'ਚ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮੈਕਸੀਕੋ 'ਚ ਹਰ ਸਾਲ ਲਗਭਗ 4 ਲੱਖ ਸੜਕ ਹਾਦਸੇ ਹੁੰਦੇ ਹਨ, ਜਿਸ 'ਚ ਲਗਭਗ 16 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।