ਜਾਪਾਨ 'ਚ ਸਮੁੰਦਰੀ ਜਹਾਜ਼ 'ਤੇ ਫਸੇ ਦੋ ਹੋਰ ਭਾਰਤੀਆਂ ਦੇ ਕੋਰੋਨਾ ਵਾਇਰਸ ਦੇ ਟੈਸਟ ਪਾਜ਼ੀਟਿਵ ਆਏ ਹਨ। ਇਸ ਤਰ੍ਹਾਂ ਕੋਰੋਨਾ ਵਾਇਰਸ ਨਾਲ ਪੀੜਤ ਕੁਲ ਭਾਰਤੀਆਂ ਦੀ ਗਿਣਤੀ ਹੁਣ 5 ਹੋ ਗਈ ਹੈ। ਇਹ ਹਾਲੇ ਸਪੱਸ਼ਟ ਨਹੀਂ ਹੋਇਆ ਹੈ ਕਿ ਪੀੜਤ ਲੋਕ ਯਾਤਰੀ ਹਨ ਜਾਂ ਚਾਲਕ ਦਲ ਦੇ ਮੈਂਬਰ ਹਨ।
ਇਸ ਤੋਂ ਪਹਿਲਾਂ ਜਿਨ੍ਹਾਂ 3 ਭਾਰਤੀਆਂ ਦੇ ਟੈਸਟ ਪਾਜੀਟਿਵ ਪਾਏ ਗਏ ਸਨ, ਉਹ ਸਾਰੇ ਚਾਲਕ ਦਲ ਨਾਲ ਸਬੰਧਤ ਸਨ। ਇਸ ਦੇ ਨਾਲ ਹੀ ਐਤਵਾਰ ਨੂੰ 70 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸਮੁੰਦਰੀ ਜਹਾਜ਼ 'ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਰੀਜ਼ਾਂ ਦੀ ਗਿਣਤੀ 355 ਹੋ ਗਈ ਹੈ। ਐਤਵਾਰ ਨੂੰ 40 ਅਮਰੀਕੀ ਨਾਗਰਿਕ ਵੀ ਪਾਜੀਟਿਵ ਪਾਏ ਗਏ।
ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਟਵੀਟ 'ਚ ਕਿਹਾ ਗਿਆ ਹੈ, "ਪਿਛਲੇ ਦੋ ਦਿਨਾਂ ਦੌਰਾਨ ਜਹਾਜ਼ ਵਿੱਚ 137 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਹੋਣ ਦਾ ਪਤਾ ਲੱਗਿਆ ਹੈ। ਇਨ੍ਹਾਂ 'ਚ ਦੋ ਭਾਰਤੀ ਵੀ ਹਨ। ਤਿੰਨ ਭਾਰਤੀ ਚਾਲਕ ਦਲ ਦੇ ਮੈਂਬਰ, ਜੋ ਪਹਿਲਾਂ ਪਾਜੀਟਿਵ ਪਾਏ ਗਏ ਸਨ, ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ 'ਚੋਂ ਕਿਸੇ ਨੂੰ ਵੀ ਬੁਖਾਰ ਅਤੇ ਦਰਦ ਨਹੀਂ ਹੈ। ਆਸ ਕਰਦੇ ਹਾਂ ਕਿ ਜਹਾਜ਼ 'ਚ ਸਵਾਰ ਭਾਰਤੀ ਨਾਗਰਿਕ ਇਸ ਸਥਿਤੀ ਦਾ ਬਹਾਦਰੀ ਨਾਲ ਮੁਕਾਬਲਾ ਕਰਨਗੇ। ਜਿਵੇਂ ਹੀ ਆਈਸੋਲੇਸ਼ਨ ਦੀ ਮਿਆਦ (19 ਫਰਵਰੀ) ਖ਼ਤਮ ਹੋਵੇਗੀ, ਅਸੀਂ ਉਨ੍ਹਾਂ ਨੂੰ ਜਿੰਨੀ ਛੇਤੀ ਹੋ ਸਕੇ ਭਾਰਤ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ।"
ਜਾਪਾਨ ਦੇ ਸਿਹਤ ਮੰਤਰੀ ਅਨੁਸਾਰ ਜਹਾਜ਼ ਵਿੱਚ ਸਵਾਰ 1219 ਲੋਕਾਂ ਦੀ ਜਾਂਚ ਕੀਤੀ ਗਈ ਹੈ। ਦਰਅਸਲ, ਡਾਇਮੰਡ ਪ੍ਰਿੰਸੇਸ ਨਾਂਅ ਦਾ ਇਹ ਜਹਾਜ਼ 5 ਫਰਵਰੀ ਨੂੰ ਯੋਕੋਹਾਮਾ (ਜਾਪਾਨ) ਦੇ ਸਮੁੰਦਰੀ ਤਟ 'ਤੇ ਪਹੁੰਚਿਆ ਸੀ। ਹਾਲਂਕਿ ਜਹਾਜ਼ ਤੋਂ ਮਲੇਸ਼ੀਆ 'ਚ ਇੱਕ ਯਾਤਰੀ ਉਤਰਿਆ ਸੀ, ਜੋ ਬਾਅਦ 'ਚ ਕੋਰੋਨਾ ਵਾਇਰਸ ਦਾ ਪੀੜਤ ਪਾਇਆ ਗਿਆ ਸੀ। ਇਸੇ ਕਾਰਨ ਸਮੁੰਦਰੀ ਜਹਾਜ਼ ਨੂੰ ਸਮੁੰਦਰੀ ਬੰਦਰਗਾਹ 'ਤੇ 14 ਦਿਨਾਂ ਲਈ ਇਕੱਲੇ ਖੜਾ ਕੀਤਾ ਗਿਆ ਹੈ।
ਜਹਾਜ਼ 'ਚ 3711 ਲੋਕ ਸਵਾਰ ਹਨ। ਇਨ੍ਹਾਂ 'ਚ 138 ਭਾਰਤੀ ਹਨ। ਇਨ੍ਹਾਂ ਵਿੱਚ ਚਾਲਕ ਦਲ ਦੇ 6 ਮੈਂਬਰ ਭਾਰਤੀ ਹਨ। ਦੂਜੇ ਪਾਸੇ ਅਮਰੀਕਾ, ਦੱਖਣੀ ਕੋਰੀਆ, ਹਾਂਗਕਾਂਗ ਅਤੇ ਕੈਨੇਡਾ ਨੇ ਵੀ ਆਪਣੇ ਯਾਤਰੀਆਂ ਨੂੰ ਵਾਪਸ ਲਿਆਉਣ ਦੀ ਗੱਲ ਕਹੀ ਹੈ।