ਅਗਲੀ ਕਹਾਣੀ

ਸਵਿਟਜ਼ਰਲੈਂਡ ਹਵਾਈ ਹਾਦਸੇ `ਚ 20 ਮੌਤਾਂ ਦਾ ਖ਼ਦਸ਼ਾ

ਸਵਿਟਜ਼ਰਲੈਂਡ ਹਵਾਈ ਹਾਦਸੇ `ਚ 20 ਮੌਤਾਂ ਦਾ ਖ਼ਦਸ਼ਾ

ਦੂਜੀ ਵਿਸ਼ਵ ਜੰਗ ਵੇਲੇ ਦਾ ਇੱਕ ਹਵਾਈ ਜਹਾਜ਼ ਸਵਿਟਜ਼ਰਲੈਂਡ ਦੇ ਪਹਾੜੀ ਇਲਾਕੇ `ਚ ਕਿਤੇ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਭਾਵੇਂ ਸਨਿੱਚਰਵਾਰ ਨੂੰ ਵਾਪਰਿਆ ਪਰ ਇਸ ਬਾਰੇ ਜਾਣਕਾਰੀ ਅੱਜ ਐਤਵਾਰ ਨੂੰ ਦਿੱਤੀ ਗਈ। ਇਸ ਹਾਦਸੇ `ਚ 20 ਮੌਤਾਂ ਹੋਣ ਦਾ ਖ਼ਦਸ਼ਾ ਹੈ।


ਇਹ ਹਵਾਈ ਜਹਾਜ਼ ‘ਜੇਯੂ52 ਐੱਚਬੀ-ਐੱਚਓਟੀ` 1939 `ਚ ਜਰਮਨੀ ਵਿੱਚ ਬਣਿਆ ਸੀ। ਹੁਣ ਇਹ ਜਹਾਜ਼ ਅਜਾਇਬਘਰ `ਚ ਸੰਭਾਲ ਕੇ ਰੱਖਣ ਵਰਗੀ ਵਸਤੂ ਜਿਹਾ ਸੀ। ਇਹ ਜਹਾਜ਼ ਜੇਯੂ-ਏਅਰ ਦਾ ਸੀ। ਇਹ ਕੰਪਨੀ ਸਵਿਸ ਹਵਾਈ ਫ਼ੌਜ ਨਾਲ ਸਬੰਧਤ ਹੈ।


ਇਸ ਹਵਾਈ ਜਹਾਜ਼ `ਚ ਇੱਕ ਵਾਰੀ ਵਿੱਚ 17 ਯਾਤਰੀ ਅਤੇ ਅਮਲੇ ਦੇ ਤਿੰਨ ਮੈਂਬਰ ਬੈਠ ਸਕਦੇ ਸਨ। ਇਹ ਦੇਸ਼ ਦੇ ਪੂਰਬੀ ਹਿੱਸੇ `ਚ ਪਿਜ਼ ਸੇਗਨਾਸ ਨਾਂਅ ਦੀ ਪਹਾੜੀ `ਤੇ ਕਿਤੇ ਹਾਦਸਾਗ੍ਰਸਤ ਹੋਇਆ ਹੈ। ਤਦ ਉਸ ਜਹਾਜ਼ ਦੀ ਉਚਾਈ 2,500 ਮੀਟਰ ਸੀ।


ਅਧਿਕਾਰੀਆਂ ਅਨੁਸਾਰ ਇਹ ਜਹਾਜ਼ ਯਾਤਰੀਆਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਤੇ ਸਾਰੇ 20 ਯਾਤਰੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।


ਇਸ ਜਹਾਜ਼ ਨੇ ਸਵਿਟਜ਼ਰਲੈਂਡ ਦੇ ਦੱਖਣ `ਚ ਸਥਿਤ ਟਿਕਿਨੋ ਤੋਂ ਉਡਾਣ ਭਰੀ ਸੀ ਤੇ ਇਸ ਨੇ ਸਨਿੱਚਰਵਾਰ ਬਾਅਦ ਦੁਪਹਿਰ ਜਿ਼ਊਰਿਖ ਨੇੜੇ ਡਿਊਬਨਡੌਰਫ਼ ਫ਼ੌਜੀ ਹਵਾਈ ਅੱਡੇ `ਤੇ ਉੱਤਰਨਾ ਸੀ।


ਕੁਝ ਚਸ਼ਮਦੀਦ ਗਵਾਹਾਂ ਨੇ ਇਸ ਹਵਾਈ ਜਹਾਜ਼ ਨੂੰ ਪਹਿਲਾਂ 180 ਡਿਗਰੀ ਦੇ ਕੋਣ `ਤੇ ਦੱਖਣ ਵੱਲ ਮੋੜਾ ਖਾਂਦਿਆਂ ਤੇ ਫਿਰ ਇੱਕਦਮ ਕਿਸੇ ਪੱਥਰ ਵਾਂਗ ਧਰਤੀ ਵੱਲ ਡਿੱਗਦਾ ਤੱਕਿਆ ਹੈ। ਉਸ ਦਾ ਮਲਬਾ ਵੀ ਖਿੰਡਿਆ ਵੇਖਿਆ ਗਿਆ ਹੈ। ਗਵਾਹਾਂ ਅਨੁਸਾਰ ਹਵਾਈ ਜਹਾਜ਼ `ਚ ਪਹਿਲਾਂ ਕਿਸੇ ਕਿਸਮ ਦਾ ਕੋਈ ਧਮਾਕਾ ਨਹੀਂ ਹੋਇਆ; ਉਹ ਸਾਬਤ ਰੂਪ ਵਿੱਚ ਹੀ ਧਰਤੀ ਵੱਲ ਡਿੱਗਦਾ ਵਿਖਾਈ ਦੇ ਰਿਹਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 feared dead in Swiss air crash