ਚੀਨ ਦੇ ਹੁਬੇਈ ਸੂਬੇ ਵਿੱਚ ਘਾਤਕ ਕੋਰੋਨਾ ਵਾਇਰਸ ਨੇ ਇੱਕ ਹੀ ਦਿਨ ਚ ਰਿਕਾਰਡ 254 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 15,000 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਹੁਬੇਈ ਦੀ ਚੋਟੀ ਦੀ ਲੀਡਰਸ਼ਿਪ ਨੂੰ ਬਰਖਾਸਤ ਕਰ ਦਿੱਤਾ ਗਿਆ। ਕੋਰੋਨਾ ਵਾਇਰਸ ਦੀ ਤਬਾਹੀ ਮਗਰੋਂ ਇਹ ਇੱਕ ਦਿਨ ਵਿੱਚ ਹੋਣ ਵਾਲੀਆਂ ਹੁਣ ਤਕ ਦੀਆਂ ਸਭ ਤੋਂ ਵੱਧ ਮੌਤਾਂ ਹਨ।
ਮ੍ਰਿਤਕਾਂ ਦੀ ਗਿਣਤੀ ਚ ਵਾਧਾ ਉਦੋਂ ਹੋਇਆ ਹੈ ਜਦੋਂ ਅਗਲੇ 14 ਦਿਨਾਂ ਲਈ ਹੁਬੇਈ ਸੂਬੇ ਚ ‘ਯੁੱਧ-ਸਮੇਂ ਦੇ ਨਿਯੰਤਰਣ ਉਪਾਅ’ ਲਾਗੂ ਕੀਤੇ ਗਏ ਹਨ। ਇਸ ਸਮੇਂ ਦੌਰਾਨ ਸਾਰੀਆਂ ਇਮਾਰਤਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ। ਸਿਰਫ ਉਨ੍ਹਾਂ ਲੋਕਾਂ ਨੂੰ ਘਰ ਛੱਡਣ ਦੀ ਆਗਿਆ ਹੈ ਜਿਹੜੇ ਕੋਰੋਨਾ ਵਾਇਰਸ ਨਾਲ ਪੀੜਤ ਹਨ ਤੇ ਉਨ੍ਹਾਂ ਨੂੰ ਡਾਕਟਰ ਦੀ ਜ਼ਰੂਰਤ ਹੈ।
ਸਿਨਹੂਆ ਦੀ ਰਿਪੋਰਟ ਦੇ ਅਨੁਸਾਰ ਹੁਬੇਈ ਪ੍ਰਾਂਤ ਵਿੱਚ ਜਿਆਂਗ ਚਾਓਲਿਆਂਗ ਨੂੰ ਹਟਾ ਕੇ ਸ਼ੰਘਾਈ ਦਾ ਮੇਅਰ ਯਿੰਗ ਯੋਂਗ ਨੂੰ ਨਿਯੁਕਤ ਕੀਤਾ ਗਿਆ ਹੈ। ਚੀਨ ਦੀ ਕਮਿਊਨਿਸਟ ਪਾਰਟੀ (ਸੀ ਪੀ ਸੀ) ਨੇ ਦੱਸਿਆ ਕਿ ਯਿੰਗ ਨੂੰ ਸੀ ਪੀ ਸੀ ਹੁਬੇਈ ਸੂਬਾਈ ਕਮੇਟੀ ਦਾ ਮੈਂਬਰ ਅਤੇ ਸਥਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜਿਆਂਗ ਚਾਓਲਿਆਂਗ ਨੂੰ ਹੁਣ ਹਟਾ ਦਿੱਤਾ ਗਿਆ ਹੈ।
ਪੂਰਬੀ ਚੀਨ ਦੇ ਝੇਜਿਆਂਗ ਪ੍ਰਾਂਤ ਦੇ ਵਸਨੀਕ 62 ਸਾਲਾ ਯੀਂਗ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1976 ਵਿੱਚ ਕੀਤੀ ਸੀ ਅਤੇ ਉਨ੍ਹਾਂ ਨੂੰ ਚੀਨ ਦੀ ਰਾਜਨੀਤੀ ਅਤੇ ਅਦਾਲਤਾਂ ਸਮੇਤ ਕਾਨੂੰਨੀ ਮਾਮਲਿਆਂ ਵਿੱਚ ਕੰਮ ਕਰਨ ਦਾ ਵਧੀਆ ਤਜਰਬਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2017 ਦੀ ਸ਼ੁਰੂਆਤ ਵਿਚ ਉਹ ਸ਼ੰਘਾਈ ਦੇ ਮੇਅਰ ਬਣੇ ਸੀ।
ਇਸ ਦੇ ਨਾਲ ਹੀ ਚੀਨ ਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਬੁੱਧਵਾਰ ਤੱਕ 1115 ਹੋ ਗਈਆਂ ਤੇ ਹੁਣ ਤੱਕ 44,763 ਮਾਮਲੇ ਸਾਹਮਣੇ ਆਏ ਹਨ, ਜਿਸਦੀ ਅਗਵਾਈ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਕੌਮਾਂਤਰੀ ਮਾਹਰਾਂ ਦੀ ਇੱਕ ਟੀਮ ਨੇ ਕੀਤੀ ਹੈ ਜਿਸ ਚ ਐਮਰਜੈਂਸੀ ਸਿਹਤ ਦੀਆਂ ਸਥਿਤੀਆਂ ਨਾਲ ਨਜਿੱਠਣ ਦੇ ਇੰਚਾਰਜ ਬਰੂ ਐਲਵਰਟ ਦੀ ਅਗਵਾਈ ਚ ਸੋਮਵਾਰ ਦੀ ਰਾਤ ਨੂੰ ਪਹੁੰਚੀ ਸੀ। ਟੀਮ ਨੇ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਚੀਨੀ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।