ਅਮਰੀਕੀ ਸੂਬੇ ਦੇ ਸ਼ਹਿਰ ਕੋਲੀਅਰਵਿਲੇ `ਚ ਇੱਕ ਘਰ ਨੂੰ ਅੱਗ ਲੱਗ ਜਾਣ ਕਾਰਨ ਭਾਰਤੀ ਮੂਲ ਦੇ ਤਿੰਨ ਬੱਚਿਆਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਭਾਵ 24 ਦਸੰਬਰ ਦੀ ਹੈ। ਭਾਰਤੀ ਮੂਲ ਦੇ ਬੱਚਿਆਂ ਦੀ ਸ਼ਨਾਖ਼ਤ ਸ਼ੈਰੋਨ (17), ਜੁਆਏ (15) ਅਤੇ ਆਰੋਨ (14) ਵਜੋਂ ਹੋਈ ਹੈ। ਇਨ੍ਹਾਂ ਨਾਲ 46 ਸਾਲਾਂ ਦੀ ਇੱਕ ਔਰਤ ਕਾਰੀ ਕੂਡਰੀਐਨ ਦੀ ਵੀ ਮੌਤ ਹੋਈ ਹੈ। ਇਸ ਅਗਨੀ ਕਾਂਡ `ਚ ਮਾਰੇ ਗਏ ਭਾਰਤੀ ਮੂਲ ਦੇ ਬੱਚੇ ਨਾਇਕ ਪਰਿਵਾਰ ਨਾਲ ਸਬੰਧਤ ਹਨ। ਇਹ ਸਾਰੀ ਜਾਣਕਾਰੀ ਕੂਡਰੀਅਟ ਦੇ ਕੋਲੀਅਰਵਿਲੇ ਬਾਇਬਲ ਚਰਚ ਨੇ ਦਿੱਤੀ। ਚਰਚ ਮੁਤਾਬਕ ਇਹ ਬੱਚੇ ਭਾਰਤੀ ਸੂਬੇ ਤੇਲੰਗਾਨਾ ਦੇ ਸ਼ਹਿਰ ਗੋਲਕੁੰਡਾ ਦੇ ਜੰਮਪਲ ਸਨ।
ਚਰਚ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਕੂਡਰੀਅਟ ਦੇ ਘਰ ਵਿੱਚ ਅੱਗ ਰਾਤੀਂ 11 ਵਜੇ ਲੱਗੀ ਤੇ ਉਸ ਨੂੰ ਬੁਝਾਉਣ `ਚ 20 ਤੋਂ 30 ਮਿੰਟ ਲੱਗ ਗਏ। ਜਦੋਂ ਅੱਗ-ਬੁਝਾਊ ਅਮਲਾ ਮੌਕੇ `ਤੇ ਪੁੱਜਾ, ਤਦ ਘਰ ਅੰਦਰੋਂ ਬਹੁਤ ਜਿ਼ਆਦਾ ਧੂੰਆਂ ਨਿੱਕਲ ਰਿਹਾ ਸੀ। ਭਾਰਤੀ ਮੂਲ ਦੇ ਬੱਚੇ ਇੱਥੇ ਕ੍ਰਿਸਮਸ ਦੇ ਜਸ਼ਨਾਂ ਮੌਕੇ ਇਸ ਪਰਿਵਾਰ ਦੇ ਮਹਿਮਾਨ ਸਨ। ਉਹ ਅਮਰੀਕਾ `ਚ ਇੱਕ ਅਕੈਡਮੀ `ਚ ਸ਼ਾਮਲ ਹੋਣ ਲਈ ਆਏ ਸਨ। ਬਿਆਨ `ਚ ਕਿਹਾ ਗਿਆ ਹੈ ਕਿ ਨਾਇਕ ਪਰਿਵਾਰ ਭਾਰਤ ਵਿੱਚ ਕੋਲੀਅਰਵਿਲੇ ਚਰਚ ਦਾ ਮਸੀਹੀ ਪ੍ਰਚਾਰਕ ਹੈ।
ਸ੍ਰੀ ਕਾਰੀ ਦੇ ਪਤੀ ਡੈਨੀ ਤੇ ਉਨ੍ਹਾਂ ਦੇ ਪੁੱਤਰ ਕੋਲ ਨੂੰ ਮੌਕੇ ਸਿਰ ਘਰ `ਚੋਂ ਬਾਹਰ ਕੱਢ ਲਿਆ ਗਿਆ ਸੀ, ਜਿਸ ਕਾਰਨ ਉਹ ਬਚ ਗਏ ਹਨ।