ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ’ਚ ਹਾਲੇ ਵੀ ਜਾਰੀ ਹੈ ਪਰ ਇਸ ਦਾ ਸਭ ਤੋਂ ਵੱਧ ਖੌਫ਼ਨਾਕ ਅਸਰ ਅਮਰੀਕਾ ’ਚ ਵੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ’ਚ ਕੋਰੋਨਾ ਵਾਇਰਸ ਨੇ ਲਗਭਗ 50,000 ਵਿਅਅਕਤੀਆਂ ਦੀ ਜਾਨ ਲੈ ਲਈ ਹੈ। ਕੱਲ੍ਹ ਵੀਰਵਾਰ ਨੂੰ ਅਮਰੀਕਾ ’ਚ ਕੋਰੋਨਾ ਨੇ 3,176 ਵਿਅਕਤੀਆਂ ਦੀ ਜਾਨ ਲੈ ਲਈ ਹੈ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ’ਚ ਕਿਹਾ ਸੀ ਕਿ ਅਮਰੀਕਾ ’ਤੇ ਹਮਲਾ ਹੋਇਆ ਹੈ। ਇਹ ਹਮਲਾ ਸੀ, ਕੋਈ ਫ਼ਲੂ ਨਹੀਂ ਸੀ। ਕਦੇ ਕਿਸੇ ਨੇ ਅਜਿਹਾ ਕੁਝ ਨਹੀਂ ਵੇਖਿਆ। 1917 ’ਚ ਆਖ਼ਰੀ ਵਾਰ ਇੰਝ ਹੋਇਆ ਸੀ।
ਸ੍ਰੀ ਟਰੰਪ ਨੇ ਕਿਹਾ ਕਿ ਵਿਸ਼ਵ ਦੇ ਇਤਿਹਾਸ ’ਚ ਸਾਡੀ ਅਰਥ–ਵਿਵਸਥਾ ਸਭ ਤੋਂ ਵੱਡੀ ਰਹੀ ਹੈ… ਚੀਨ ਤੋਂ ਬਿਹਤਰ, ਕਿਸੇ ਵੀ ਹੋਰ ਦੇਸ਼ ਤੋਂ ਬਿਹਤਰ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਤਿੰਨ ਸਾਲਾਂ ਦੌਰਾਨ ਇਸ ਨੂੰ ਖੜ੍ਹਾ ਕੀਤਾ ਤੇ ਫਿਰ ਅਚਾਨਕ ਇੱਕ ਦਿਨ ਉਨ੍ਹਾਂ ਕਿਹਾ ਕਿ ਤੁਹਾਨੂੰ ਇਹ ਬੰਦ ਕਰਨਾ ਹੋਵੇਗਾ। ਹੁਣ ਅਸੀਂ ਇਹ ਦੋਬਾਰਾ ਖੋਲ੍ਹ ਰਹੇ ਹਾਂ ਤੇ ਅਸੀਂ ਬਹੁਤ ਮਜ਼ਬੂਤ ਹੋਵਾਂਗੇ।
‘ਕੋਰੋਨਾ ਵਰਲਡੋਮੀਟਰ’ ਦੇ ਤਾਜ਼ਾ ਅੰਕੜਿਆਂ ਮੁਤਾਬਕ ਪੂਰੀ ਦੁਨੀਆ ’ਚ ਹੁਣ ਤੱਕ 27 .18 ਲੱਖ ਤੋਂ ਵੱਧ ਕੋਰੋਨਾ–ਪਾਜ਼ਿਟਿਵ ਕੇਸ ਦਰਜ ਹੋ ਚੁੱਕੇ ਹਨ। ਹੁਣ ਤੱਕ ਇਹ ਵਾਇਰਸ 1.90 ਲੱਖ ਤੋਂ ਵੱਧ ਭਾਵ ਦੋ ਲੱਖ ਦੇ ਲਗਭਗ ਜਾਨਾਂ ਲੈ ਚੁੱਕਾ ਹੈ। ਭਾਰਤ ’ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇਸ ਵੇਲੇ 721 ਹੈ, ਜਦ ਕਿ 23,039 ਮਰੀਜ਼ ਹੁਣ ਤੱਕ ਕੋਰੋਨਾ–ਪਾਇਜ਼ਟਿਵ ਦਰਜ ਹੋ ਚੁੱਕੇ ਹਨ।
ਇਹ ਖ਼ਬਰ ਲਿਖੇ ਜਾਣ ਤੱਕ ਅਮਰੀਕਾ ’ਚ ਕੋਰੋਨਾ ਵਾਇਰਸ 49,845 ਜਾਨਾਂ ਲੈ ਚੁੱਕਾ ਸੀ। ਇਟਲੀ ’ਚ ਇਹ ਵਾਇਰਸ ਹੁਦ ਤੱਕ 25,549 ਜਾਨਾਂ ਲੈ ਚੁੱਕਾ ਹੈ ਅਤੇ 1.89 ਲੱਖ ਤੋਂ ਵੱਧ ਵਿਅਕਤੀ ਕੋਰੋਨਾ ਦੇ ਲੱਛਣਾਂ ਨਾਲ ਜੂਝ ਰਹੇ ਹਨ।
ਸਪੇਨ ’ਚ ਹੁਣ ਤੱਕ 22,157 ਮੌਤਾਂ ਹੋ ਚੁੱਕੀਆਂ ਹਨ ਤੇ 2.13 ਲੱਖ ਤੋਂ ਵੱਧ ਪਾਜ਼ਿਟਿਵ ਮਾਮਲੇ ਦਰਜ ਹੋ ਚੁੱਕੇ ਹਨ।
ਫ਼ਰਾਂਸ ’ਚ ਮੌਤਾਂ ਦੀ ਗਿਣਤੀ 21,856 ਹੈ ਅਤੇ 1.58 ਲੱਖ ਤੋਂ ਵੱਧ ਪਾਜ਼ਿਟਿਵ ਮਾਮਲੇ ਦਰਜ ਹੋਏ ਹਨ। ਇੰਗਲੈਂਡ ’ਚ ਕੋਰੋਨਾ 18,738 ਮਨੁੱਖੀ ਜਾਨਾਂ ਲੈ ਚੁੱਕਾ ਹੈ ਤੇ 1.38 ਲੱਖ ਪਾਜ਼ਿਟਿਵ ਮਾਮਲੇ ਦਰਜ ਹੋਏ ਹਨ।
ਈਰਾਨ ’ਚ ਹੁਣ ਤੱਕ 5,481 ਵਿਅਕਤੀ ਕੋਰੋਨਾ ਕਰਕੇ ਮਾਰੇ ਜਾ ਚੁੱਕੇ ਹਨ ਤੇ 87 ਹਜ਼ਾਰ ਤੋਂ ਵੱਧ ਪਾਜ਼ਿਟਿਵ ਹਨ। ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਸੀ। ਚੀਨ ’ਚ ਹੁਣ ਤੱਕ 4,632 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 82,026 ਵਿਅਕਤੀ ਪਾਜ਼ਿਟਿਵ ਦਰਜ ਹੋਏ ਸਨ; ਜਿਨ੍ਹਾਂ ਵਿੱਚੋਂ ਹੁਣ ਤੱਕ ਬਹੁਤੇ ਠੀਕ ਵੀ ਹੋ ਚੁੱਕੇ ਹਨ।
ਕੈਨੇਡਾ ’ਚ ਹੁਣ ਤੱਕ 2,147 ਵਿਅਕਤੀਆਂ ਦੀ ਜਾਨ ਕੋਰੋਨਾ ਕਰਕੇ ਜਾ ਚੁੱਕੀ ਹੈ ਅਤੇ 42,110 ਵਿਅਕਤੀ ਪਾਜ਼ਿਟਿਵ ਦਰਜ ਹੋ ਚੁੱਕੇ ਹਨ। ਪਾਕਿਸਤਾਨ ’ਚ ਹੁਣ ਤੱਕ 235 ਵਿਅਕਤੀਆਂ ਦੀ ਜਾਨ ਇਹ ਘਾਤਕ ਵਾਇਰਸ ਲੈ ਚੁੱਕਾ ਹੈ; ਜਦ ਕਿ 11,057 ਵਿਅਕਤੀ ਹੁਣ ਤੱਕ ਪਾਜ਼ਿਟਿਵ ਦਰਜ ਹੋ ਚੁੱਕੇ ਹਨ।
ਆਸਟ੍ਰੇਲੀਆ ’ਚ ਕੋਰੋਨਾ ਕਾਰਨ 75 ਮੌਤਾਂ ਹੋਈਆਂ ਹਨ ਅਤੇ 6,667 ਮਰੀਜ਼ ਪਾਜ਼ਿਟਿਵ ਦਰਜ ਹੋਏ ਹਨ।