ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ ਇੱਕ ਅੱਤਵਾਦੀ ਹਮਲੇ 'ਚ 35 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ 80 ਅੱਤਵਾਦੀ ਵੀ ਮਾਰੇ ਗਏ। ਦੇਸ਼ ਦੇ ਰਾਸ਼ਟਰਪਤੀ ਰੋਚ ਮਾਰਕ ਕਾਬੋਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ 80 ਅੱਤਵਾਦੀ ਮਾਰੇ ਗਏ।
ਰਾਸ਼ਟਰਪਤੀ ਨੇ ਇਸ ਵੱਡੇ ਅੱਤਵਾਦੀ ਹਮਲੇ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ। ਹਮਲੇ 'ਚ ਮ੍ਰਿਤਕਾਂ ਵਿੱਚ ਜ਼ਿਆਦਾਤਰ ਔਰਤਾਂ ਹਨ। ਬੁਰਕੀਨਾ ਫਾਸੋ ਦੀ ਫੌਜ ਨੇ ਕਿਹਾ ਕਿ ਅਰਬਿੰਦਾ ਸ਼ਹਿਰ 'ਚ ਸਵੇਰੇ ਹੋਏ ਇਸ ਅੱਤਵਾਦੀ ਹਮਲੇ 'ਚ 7 ਜਵਾਨ ਮਾਰੇ ਗਏ। ਹਮਲੇ 'ਚ ਕਈ ਨਾਗਰਿਕ ਅਤੇ 80 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਪਿਛਲੇ 5 ਸਾਲ 'ਚ ਬੁਰਕੀਨਾ ਫਾਸੋ 'ਚ ਇਹ ਸੱਭ ਤੋਂ ਵੱਡਾ ਅੱਤਵਾਦੀ ਹਮਲਾ ਹੈ।
ਸੋਓਮ ਸੂਬੇ ਦੇ ਅਰਬਿੰਦਾ 'ਚ ਫੌਜੀ ਟਿਕਾਣੇ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਬੁਰਕੀਨਾ ਫਾਸੋ ਦੇ ਗੁਆਂਢੀ ਦੇਸ਼ ਮਾਲੀ ਅਤੇ ਨਾਈਜ਼ਰ ਹਨ, ਜਿੱਥੇ ਆਮ ਤੌਰ 'ਤੇ ਅੱਤਵਾਦੀ ਹਮਲੇ ਹੁੰਦੇ ਰਹਿੰਦੇ ਹਨ। ਇਸ ਪੂਰੇ ਇਲਾਕੇ 'ਚ ਸਾਲ 2015 ਦੇ ਆਸਪਾਸ ਅੱਤਵਾਦੀ ਘਟਨਾਵਾਂ 'ਚ ਵਾਧਾ ਵੇਖਿਆ ਗਿਆ।
ਰਾਸ਼ਟਰਪਤੀ ਰੋਚ ਮਾਰਕ ਨੇ ਕਿਹਾ ਕਿ ਜਵਾਨਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ 80 ਅੱਤਵਾਦੀਆਂ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲੇ 'ਚ 35 ਨਾਗਰਿਕਾਂ ਦੀ ਮੌਤ ਹੋਈ ਹੈ। ਬੁਰਕੀਨਾ ਫਾਸੋ ਦੇ ਸੰਚਾਰ ਮੰਤਰੀ ਰੈਮਿਸ ਡੈਨਜੀਨੋਓ ਨੇ ਦੱਸਿਆ ਕਿ ਜਿਨ੍ਹਾਂ 35 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ 31 ਔਰਤਾਂ ਹਨ।