ਪਾਕਿਸਤਾਨ ਕੋਲ ਕੁੱਲ ਪੰਜ ਪਣਡੁੱਬੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਚਾਲੂ ਹਾਲਤ ਵਿੱਚ ਹੈ ਤੇ ਬਾਕੀ ਦੀਆਂ ਚਾਰ ਲਗਭਗ ਕਬਾੜ ਬਣੀਆਂ ਹੋਈਆਂ ਹਨ। ਉਨ੍ਹਾਂ ਦੀ ਹੁਣ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਹ ਜਾਣਕਾਰੀ ਅੱਜ ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਤਿੰਨ ਸਿਖ਼ਰਲੇ ਅਧਿਕਾਰੀਆਂ ਨੇ ਦਿੱਤੀ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨੀ ਸਮੁੰਦਰੀ ਫ਼ੌਜ ਦੀ ਜਿਹੜੀ ਇੱਕ ਪਣਡੁੱਬੀ ਕੰਮ ਕਰ ਰਹੀ ਹੈ, ਉਹ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀ; ਉਸ ਤੋਂ ਵੀ ਸਿਰਫ਼ ਅੱਧ–ਪਚੱਧਾ ਹੀ ਕੰਮ ਲਿਆ ਜਾ ਰਿਹਾ ਹੈ। ਹੁਣ ਪਾਕਿਸਤਾਨ ਨੇ ਚੀਨੀ ਸਮੁੰਦਰੀ ਫ਼ੌਜ ਤੋਂ ਮਦਦ ਲਈ ਹੈ। ਪਾਕਿਸਤਾਨ ਦੀਆਂ ਇਹ ਪਣਡੁੱਬੀਆਂ ਉਂਝ ਤਾਂ ਕਾਫ਼ੀ ਚਿਰ ਤੋਂ ਖ਼ਰਾਬ ਪਈਆਂ ਸਨ ਪਰ ਹੁਣ ਪੁਲਵਾਮਾ ਦੇ ਅੱਤਵਾਦੀ ਹਮਲੇ ਤੋਂ ਬਾਅਦ ਉਸ ਨੂੰ ਲੱਗਣ ਲੱਗ ਪਿਆ ਹੈ ਕਿ ਉਸ ਨੂੰ ਇਨ੍ਹਾਂ ਨੂੰ ਹੁਣ ਠੀਕ ਕਰਵਾ ਲੈਣਾ ਚਾਹੀਦਾ ਹੈ।
ਬੀਤੀ 14 ਫ਼ਰਵਰੀ ਨੂੰ ਪਾਕਿਸਤਾਨ ਸਥਿਤ ਜੈਸ਼–ਏ–ਮੁਹੰਮਦ ਦੇ ਇੱਕ ਆਤਮਘਾਤੀ ਬੰਬਾਰ ਨੇ ਪੁਲਵਾਮਾ (ਜੰਮੂ–ਕਸ਼ਮੀਰ) ’ਚ ਸੀਆਰਪੀਐੱਫ਼ ਦੇ 45 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜਵਾਬ ਵਿੱਚ ਭਾਰਤੀ ਹਵਾਈ ਫ਼ੌਜ ਨੇ 26 ਫ਼ਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼ ਦੇ ਅੱਤਵਾਦੀ ਕੈਂਪ ਉੱਤੇ ਹਮਲਾ ਕੀਤਾ ਸੀ।
ਭਾਰਤੀ ਹਵਾਈ ਹਮਲਿਆਂ ਤੋਂ ਬਾਅਦ ਅਗਲੇ ਦਿਨ 27 ਫ਼ਰਵਰੀ ਨੂੰ ਭਾਰਤ ਦੇ ਪੱਛਮੀ ਕੰਢੇ ਉੱਤੇ ਕੌਮਾਂਤਰੀ ਪਾਣੀਆਂ ਵਿੱਚ ਪਾਕਿਸਤਾਨੀ ਸਮੁੰਦਰੀ ਫ਼ੌਜ ਦੀ ਇੱਕ ਪਣਡੁੱਬੀ ਵੇਖੀ ਗਈ ਸੀ। ਉਸੇ ਦਿਨ ਪਾਕਿਸਤਾਨੀ ਹਵਾਈ ਫ਼ੌਜ ਦੇ ਇੱਕ ਜੰਗੀ ਹਵਾਈ ਜਹਾਜ਼ ਨੇ ਵੀ ਨੌਸ਼ਹਿਰਾ ਖੇਤਰ ਵਿੱਚ ਭਾਰਤੀ ਵਾਯੂ–ਖੇਤਰ ਦੀ ਉਲੰਘਣਾ ਕੀਤੀ ਸੀ।
ਭਾਰਤੀ ਸਮੁੰਦਰੀ ਫ਼ੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਵੇਲੇ ਭਾਰਤੀ ਸਮੁੰਦਰੀ ਫ਼ੌਜ ਦਾ ਹਾਲਾਤ ਉੱਤੇ ਮੁਕੰਮਲ ਕੰਟਰੋਲ ਹੈ।