ਹਾਂਗਕਾਂਗ 'ਚ ਵਿਵਾਦਤ ਹਵਾਲਗੀ ਬਿਲ ਦੇ ਵਿਰੋਧ 'ਚ 9 ਜੂਨ 2019 ਤੋਂ ਸ਼ੁਰੂ ਹੋਏ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਨਵੇਂ ਸਾਲ ਵੀ ਜਾਰੀ ਰਿਹਾ। ਨਵੇਂ ਸਾਲ ਦੇ ਪਹਿਲੇ ਦਿਨ ਪ੍ਰਦਰਸ਼ਨਕਾਰੀਂ ਨੇ ਇੱਕ ਵੱਡਾ ਰੋਸ ਮਾਰਚ ਕੱਢਿਆ ਅਤੇ ਚੀਨੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ਥਾਵਾਂ 'ਤੇ ਅੱਗਜਨੀ ਦੀ ਘਟਨਾ ਵੇਖਣ ਨੂੰ ਮਿਲੀ।
ਇਸ ਦੌਰਾਨ ਹਾਂਗਕਾਂਗ ਪੁਲਿਸ ਨੇ ਸਰਕਾਰ ਵਿਰੋਧੀ ਮਾਰਚ ਕੱਢਣ ਸਮੇਂ ਨਾਜਾਇਜ ਹਥਿਆਰ ਰੱਖਣ ਦੇ ਦੋਸ਼ 'ਚ 400 ਲੋਕਾਂ ਨੂੰ ਹਿਰਾਸਤ 'ਚ ਲਿਆ। ਆਯੋਜਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਰੋਸ ਮਾਰਚ 'ਚ 1 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋ ਗਈ।
ਪੁਲਿਸ ਮੁਤਾਬਕ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਪੱਥਰ ਸੁੱਟੇ ਅਤੇ ਬੈਂਕਾਂ ਤੇ ਦੁਕਾਨਾਂ ਅੱਗੇ ਅੱਗ ਲਗਾਈ। ਜ਼ਿਕਰਯੋਗ ਹੈ ਕਿ ਜੂਨ 2019 ਤੋਂ ਸ਼ੁਰੂ ਹੋਏ ਪ੍ਰਦਰਸ਼ਨ ਕਾਰਨ ਦੇਸ਼ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਹਾਂਗਕਾਂਗ ਨਾ ਜਾਣ ਦੀ ਚਿਤਾਵਨੀ ਵੀ ਦਿੱਤੀ ਹੈ। ਇਸੇ ਕਾਰਨ ਇੱਥੇ ਸੈਲਾਨੀਆਂ ਦਾ ਆਉਣਾ ਘਟਿਆ ਹੈ ਤੇ ਪਹਿਲੀ ਵਾਰ ਹਾਂਗਕਾਂਗ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ।