‘ਨਾਸਾ’ (NASA) ਨੇ ਭਾਰਤ ਵੱਲੋਂ ਆਪਣੇ ਹੀ ਇੱਕ ਉਪਗ੍ਰਹਿ (ਸੈਟੇਲਾਇਟ) ਨੂੰ ਨਸ਼ਟ ਕਰਨ ਵਾਲੇ ਪਰੀਖਣ ਨੂੰ ਭਿਆਨਕ ਦੱਸਿਆ ਹੈ। ਨਾਸਾ ਨੇ ਕਿਹਾ ਹੈ ਕਿ ਨਸ਼ਟ ਕੀਤੇ ਉਪਗ੍ਰਹਿ ਨਾਲ ਪੁਲਾੜ ਦੇ ਉਸ ਪੰਧ ਵਿੱਚ 400 ਟੁਕੜਿਆਂ ਦਾ ਮਲਬਾ ਖਿੰਡ–ਪੁੰਡ ਗਿਆ ਹੈ, ਜਿਸ ਨਾਲ ‘ਕੌਮਾਂਤਰੀ ਪੁਲਾੜ ਕੇਂਦਰ’ (ISS – International Space Sation) ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਨਾਸਾ ਦੇ ਪ੍ਰਸ਼ਾਸਕ ਜਿਮ ਬ੍ਰਾਇਡੈਂਸਟਾਈਨ ਨੇ ਦੱਸਿਆ ਕਿ ਹਾਲੇ ਤੱਕ ਲਗਭਗ 60 ਟੁਕੜਿਆਂ ਦਾ ਪਤਾ ਲਾਇਆ ਗਿਆ ਹੈ ਤੇ ਇਨ੍ਹਾਂ ਵਿੱਚੋਂ 24 ਟੁਕੜੇ ਆਈਐੱਸਐੱਸ ਦੇ ਦੂਰਤਮ ਬਿੰਦੂ ਤੋਂ ਉਤਾਂਹ ਹਨ।
ਉਨ੍ਹਾਂ ਇੱਥੇ ਨਾਸਾ ਦੇ ਟਾਊਨਹਾੱਲ ਵਿੱਚ ਕਿਹਾ ਕਿ ਭਵਿੱਖ ਵਿੱਚ ਮਨੁੱਖੀ ਪੁਲਾੜ ਮਿਸ਼ਨ ਲਈ ਅਜਿਹੀ ਗਤੀਵਿਧੀ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਪਿਛਲੇ ਹਫ਼ਤੇ ਕਿਤੇ ASAT ਪਰੀਖਣ ਨਾਲ ਪੰਧ ਵਿੱਚ ਲਗਭਗ 400 ਟੁਕੜਿਆਂ ਦਾ ਮਲਬਾ ਫੈਲ ਗਿਆ।
ਸ੍ਰੀ ਬ੍ਰਾਇਡੈਂਸਟਾਈਨ ਨੇ ਕਿਹਾ ਕਿ ਸਾਰੇ ਟੁਕੜੇ ਇੰਨੇ ਵੱਡੇ ਨਹੀਂ ਹਨ ਕਿ ਉਨ੍ਹਾਂ ਦਾ ਪਤਾ ਲਾਇਆ ਜਾ ਸਕੇ ਤੇ ਨਾਸਾ ਹਾਲੇ 10 ਸੈਂਟੀਮੀਟਰ ਜਾਂ ਉਸ ਤੋਂ ਵੱਡੇ ਟੁਕੜਿਆਂ ਦਾ ਹੀ ਪਤਾ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਲਗਭਗ 60 ਟੁਕੜਿਆਂ ਦਾ ਹੀ ਪਤਾ ਚੱਲਿਆ ਹੈ, ਜਿਨ੍ਹਾਂ ਵਿੱਚੋਂ 24 ਕੌਮਾਂਤਰੀ ਪੁਲਾੜ ਕੇਂਦਰ ਲਈ ਖ਼ਤਰਾ ਪੈਦਾ ਕਰ ਰਹੇ ਹਨ।
ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਲੀਵਿਜ਼ਨ ਉੱਤੇ ਆਪਣੇ ਸੰਬੋਧਨ ਦੌਰਾਨ ਐਲਾਨ ਕੀਤਾ ਸੀ ਕਿ ਭਾਰਤ ਨੇ ਪੁਲਾੜ ’ਚ ਧਰਤੀ ਤੋਂ ਦਾਗ਼ੀ ਇੱਕ ਮਿਸਾਇਲ ਰਾਹੀਂ 300 ਕਿਲੋਮੀਟਰ ਉੱਪਰ ਪੁਲਾੜ ਵਿੱਚ ਇੱਕ ਸੈਟੇਲਾਇਟ ਨਸ਼ਟ ਕਰ ਦਿੱਤਾ ਹੈ। ਇਹ ਸਮਰੱਥਾ ਹਾਸਲ ਕਰਨ ਦੇ ਨਾਲ ਹੀ ਉਹ ਅਮਰੀਕਾ, ਰੂਸ ਤੇ ਚੀਨ ਜਿਹੇ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ। ਮੋਦੀ ਦੇ ਇਸ ਸੰਬੋਧਨ ਤੋਂ ਬਾਅਦ ਬ੍ਰਾਇਡੈਂਸਟਾਈਨ ਦਾ ਇਹ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਇਹ ਗੱਲ ਨਾਸਾ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਆਖੀ।
ਬ੍ਰਾਇਡੈਂਸਟਾਈਨ ਟਰੰਪ ਪ੍ਰਸ਼ਾਸਨ ਦੇ ਪਹਿਲੇ ਉੱਚ ਅਧਿਕਾਰੀ ਹਨ, ਜੋ ਭਾਰਤ ਦੇ ਏਸੈਟ ਪਰੀਖਣ ਵਿਰੁੱਧ ਜਨਤਕ ਤੌਰ ਉੱਤੇ ਸਾਹਮਣੇ ਆਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਭਾਰਤ ਨੂੰ ਵੇਖ ਕੇ ਦੂਜੇ ਦੇਸ਼ ਵੀ ਅਜਿਹੇ ਪਰੀਖਣ ਕਰਨ ਵਿੱਚ ਦਿਲਚਸਪੀ ਰੱਖ ਸਕਦੇ ਹਨ। ਇਹ ਗੱਲ ਕਦੇ ਪ੍ਰਵਾਨ ਨਹੀਂ ਕੀਤੀ ਜਾ ਸਕਦੀ।
ਅਮਰੀਕੀ ਅਧਿਕਾਰੀ ਨੇ ਕਿਹਾ ਕਿ ਪੁਲਾੜ ਕੇਂਦਰ ਨੂੰ ਛੋਟੇ ਕਣਾਂ ਵਾਲੇ ਮਲਬੇ ਤੋਂ ਖਤਰਾ ਪੈਦਾ ਹੋ ਗਿਆ ਹੈ ਤੇ ਇਹ ਖ਼ਤਰਾਹੁਣ 44 ਫ਼ੀ ਸਦੀ ਤੱਕ ਵਧ ਗਿਆ ਹੈ।