ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਦੇ ਲਗਭਗ ਸਾਰੇ ਹੀ ਦੇਸ਼ਾਂ ’ਚ ਫੈਲ ਚੁੱਕੇ ਕੋਰੋਨਾ ਵਾਇਰਸ ਦਾ ਕਹਿਰ ਹੁਣ ਸਮੁੱਚੇ ਵਿਸ਼ਵ ’ਚ ਹੀ ਲੋਕਾਂ ਨੂੰ ਘਾਤਕ ਤੌਰ ’ਤੇ ਬੀਮਾਰ ਕਰਦਾ ਜਾ ਰਿਹਾ ਹੈ। ਅਮਰੀਕਾ ਵੀ ਬਹੁਤ ਬੁਰੀ ਤਰ੍ਹਾਂ ਇਸ ਵਾਇਰਸ ਦੀ ਛੂਤ ਦੀ ਲਪੇਟ ’ਚ ਆਉਂਦਾ ਜਾ ਰਿਹਾ ਹੈ।
ਅਮਰੀਕਾ ’ਚ ਹੁਣ ਤੱਕ 419 ਵਿਅਕਤੀ ਇਸ ਭਿਆਨਕ ਵਾਇਰਸ ਦੀ ਲਪੇਟ ’ਚ ਆ ਕੇ ਮਾਰੇ ਜਾ ਚੁੱਕੇ ਹਨ ਤੇ 32,149 ਵਿਅਕਤੀ ਬੀਮਾਰ ਪਏ ਹਨ।
ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਕਹਿਰ ਅਮਰੀਕੀ ਸੂਬੇ ਨਿਊ ਯਾਰਕ ’ਚ ਮਚਾਇਆ ਹੋਇਆ ਹੈ। ਇਹ ਖ਼ਬਰ ਲਿਖੇ ਜਾਣ ਤੱਕ ਇੱਥੇ ਇਸ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 15,168 ਸੀ ਤੇ ਇਸ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਨਿਊ ਯਾਰਕ ਸੂਬੇ ਦੇ ਗਵਰਨਰ ਐਂਡ੍ਰਿਯੂ ਕਿਊਮੋ ਨੇ ਕਿਹਾ ਕਿ ਉਨ੍ਹਾਂ ਦੇ ਰਾਜ ਦੇ 40 ਤੋਂ 80 ਫ਼ੀ ਸਦੀ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਸਕਦੇ ਹਨ।
ਸ੍ਰੀ ਕਿਊਮੋ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਵਾਇਰਸ ਦਾ ਫੈਲਾਅ ਰੋਕਣ ਜਾਂ ਘਟਾਉਣ ਦੇ ਜਤਨ ਜੰਗੀ ਪੱਧਰ ਉੱਤੇ ਕੀਤੇ ਜਾ ਰਹੇ ਹਨ ਪਰ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਵਾਇਰਸ ਹੁਣ ਦੇਸ਼ ਦੇ ਵੱਡੀ ਉਮਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਜਾਰਜ ਵਾਸ਼ਿੰਗਟਨ ਯੂਨ.ਵਰਸਿਟੀ ’ਚ ਐਮਰਜੈਂਸੀ ਮੈਡੀਸਨ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਜੇਮਸ ਫ਼ਿਲਿਪਸ ਨੇ ਕਿਹਾ ਕਿ ਉਹ ਨਿਊ ਯਾਰਕ ਦੇ ਗਵਰਨਰ ਦੀ ਗੱਲ ਨਾਲ ਸਹਿਮਤ ਹਨ। ਇਸ ਵਿੱਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ; ਜੇ ਕੋਰੋਨਾ ਵਾਇਰਸ ਨਿਊ ਯਾਰਕ ’ਚ ਇੰਨੀ ਵੱਡੀ ਗਿਣਤੀ ’ਚ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਲਵੇ।
ਅਮਰੀਕਾ ’ਚ ਕਰੋੜਾਂ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ; ਤਾਂ ਜੋ ਕੋਰੋਨਾ ਵਾਇਰਸ ਦਾ ਫੈਲਣਾ ਰੁਕ ਸਕੇ।