ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਭਾਰਤ ’ਚ ਨਾਗਰਿਕਤਾ ਸੋਧ ਕਾਨੂੰਨ (CAA) ਤੋਂ ਬਾਅਦ ‘ਨੈਸ਼ਨਲ ਰਜਿਸਟਰ ਆੱਫ਼ ਸਿਟੀਜ਼ਨਜ਼’ (NRC) ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ 50 ਕਰੋੜ ਲੋਕਾਂ ਦੀ ਨਾਗਰਿਕਤਾ ਖ਼ਤਮ ਹੋ ਜਾਵੇਗੀ।
ਖ਼ਬਰ ਏਜੰਸੀ IANS ਨੇ ਪਾਕਿਸਤਾਨੀ ਮੀਡੀਆ ’ਚ ਛਪੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਸ੍ਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਭਾਰਤ ’ਚ ਮੋਦੀ ਸਰਕਾਰ ਘੱਟ–ਗਿਣਤੀਆਂ ਨੂੰ ਲਾਂਭੇ ਕਰ ਕੇ ਭਾਵ ਉਨ੍ਹਾਂ ਨੂੰ ਹਾਸ਼ੀਏ ’ਤੇ ਲਿਜਾ ਕੇ ਮਿਆਂਮਾਰ ਜਿਹੀ ਹਿੰਸਾ ਵਾਲੇ ਹਾਲਾਤ ਪੈਦਾ ਕਰ ਰਹੀ ਹੈ।
ਸ੍ਰੀ ਇਮਰਾਨ ਖ਼ਾਨ ਨੇ ਅੱਗੇ ਕਿਹਾ ਕਿ ਬਿਲਕੁਲ ਅਜਿਹਾ ਕੁਝ ਮਿਆਂਮਾਰ ’ਚ ਵੀ ਹੋਇਆ ਸੀ; ਜਿੱਥੇ ਪਹਿਲਾਂ ਮਿਆਂਮਾਰ ਸਰਕਾਰ ਨੇ ਰਜਿਸਟ੍ਰੇਸ਼ਨ ਦਾ ਕੰਮ ਕੀਤਾ ਤੇ ਫਿਰ ਉਸ ਦੇ ਪੱਜ ਮੁਸਲਮਾਨਾਂ ਨੂੰ ਵੱਖ ਕਰ ਕੇ ਉਨ੍ਹਾਂ ਦਾ ਕਤਲੇਆਮ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਭਾਰਤ ਵੀ ਉਸੇ ਦਿਸ਼ਾ ਵੱਲ ਵਧਦਾ ਜਾ ਰਿਹਾ ਹੈ।
ਇੱਕ ਪਾਸੇ ਪਾਕਿਸਤਾਨ ’ਤੇ ਬੀਤੇ 15 ਮਹੀਨਿਆਂ ਦੌਰਾਨ ਸਰਕਾਰੀ ਕਰਜ਼ੇ ਤੇ ਦੇਣਦਾਰੀਆਂ ’ਚ 40 ਫ਼ੀ ਸਦੀ ਵਾਧਾ ਹੋਇਆ ਹੈ ਪਰ ਸ੍ਰੀ ਇਮਰਾਨ ਖ਼ਾਨ ਆਪਣੇ ਦੇਸ਼ ਦੇ ਅੰਦਰੂਨੀ ਹਾਲਾਤ ਸੁਧਾਰਨ ਦੀ ਥਾਂ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਬਿਆਨਬਾਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੇ।
ਕਸ਼ਮੀਰ ’ਚੋਂ ਧਾਰਾ–370 ਦੇ ਖ਼ਾਤਮੇ ਤੋਂ ਬਾਅਦ ਸ਼ੁਰੂ ਹੋਏ ਭਾਰਤ–ਪਾਕਿਸਤਾਨ ਤਣਾਅ ਤੋਂ ਬਾਅਦ ਹੁਣ ਸ੍ਰੀ ਇਮਰਾਨ ਖ਼ਾਨ CAA ਬਾਰੇ ਵਿਸ਼ਵ ਮੰਚਾਂ ਉੱਤੇ ਬੋਲ ਰਹੇ ਹਨ। ਉਨ੍ਹਾਂ ਹੁਣ ਆਖਿਆ ਕਿ ਆਸਾਮ ’ਚ ਤਾਂ ਪਹਿਲਾਂ ਹੀ ਭਾਰਤ ਸਰਕਾਰ ਨੇ ਲਗਭਗ 20 ਲੱਖ ਲੋਕਾਂ ਨੂੰ ਅਣ–ਰਜਿਸਟਰਡ ਕਰ ਦਿੱਤਾ ਹੈ। ਉਹ ਸਾਰੇ ਲੋਕ ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਸ੍ਰੀ ਲੰਕਾ ਜਿਹੇ ਗੁਆਂਢੀ ਦੇਸ਼ਾਂ ’ਚ ਹੀ ਜਾਣਗੇ।