ਪਾਕਿਸਤਾਨ ਦੇ ਸਿੰਧ ਸੂਬੇ ’ਚ ਆਯੋਜਿਤ ਧਾਰਮਿਕ ਸਮਾਰੋਹ ’ਚ ਸ਼ਾਮਲ ਹੋਣ ਲਈ ਭਾਰਤ ਤੋਂ ਲਗਭਗ 51 ਹਿੰਦੂ ਤੀਰਥ–ਯਾਤਰੀ ਇੱਥੇ ਪੁੱਜੇ ਹਨ; ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਈਵੈਕੁਈ ਟ੍ਰੱਸਟ ਪ੍ਰਾਪਰਟੀ ਬੋਰਡ (ETPB) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ 51 ਹਿੰਦੂ ਤੀਰਥ ਯਾਤਰੀ ਵਾਘਾ ਸਰਹੱਦ ਰਾਹੀਂ ਇੱਥੇ ਪੁੱਜੇ ਹਨ ਤੇ ਈਟੀਪੀਬੀ ਦੇ ਅਧਿਕਾਰੀ ਉਨ੍ਹਾਂ ਦੇ ਨਾਲ ਰਹੇ।
ETPB ਅਸਲ ’ਚ ਪਾਕਿਸਤਾਨ ਦੀ ਇੱਕ ਅਜਿਹੀ ਇਕਾਈ ਹੈ, ਜੋ ਉਨ੍ਹਾਂ ਹਿੰਦੂਆਂ ਤੇ ਸਿੱਖਾਂ ਦੀਆਂ ਧਾਰਮਿਕ ਜਾਇਦਾਦਾਂ ਦਾ ਪ੍ਰਬੰਧ ਵੇਖਦਾ ਹੈ, ਜੋ 1947 ’ਚ ਦੇਸ਼ ਦੀ ਵੰਡ ਸਮੇਂ ਭਾਰਤ ਚਲੇ ਗਏ ਸਨ। ਸ੍ਰੀ ਹਾਸ਼ਮੀ ਨੇ ਦੱਸਿਆ ਕਿ ਤੀਰਥ ਯਾਤਰੀਆਂ ਵਿੱਚ ਔਰਤਾਂ ਵੀ ਸ਼ਾਮਲ ਹਨ ਤੇ ਉਨ੍ਹਾਂ ਨੂੰ ਧਾਰਮਿਕ ਉਤਸਵ ’ਚ ਸ਼ਾਮਲ ਹੋਣ ਲਈ ਸਖ਼ਤ ਸੁਰੱਖਿਆ ਦੌਰਾਨ ਵਿਸ਼ੇਸ਼ ਬੱਸਾਂ ਰਾਹੀਂ ਸਿੰਧ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਤੀਰਥ–ਯਾਤਰੀ 10 ਦਿਨਾ ਪਾਕਿਸਤਾਨ ਦੌਰੇ ’ਤੇ ਮੀਰਪੁਰ ਮਥੈਲੋ, ਸਕੂਰ ਤੇ ਘੋਟਕੀ ਦੇ ਮੰਦਰਾਂ ਦੇ ਦਰਸ਼ਨ ਕਰਨਗੇ। ਪਰ ਉਹ ਕਿਸੇ ਹੋਰ ਸਥਾਨ ਉੱਤੇ ਨਹੀਂ ਜਾ ਸਕਣਗੇ। ਤੀਰਥ ਯਾਤਰੀਆਂ ਦੇ ਦਲ ਵਿੱਚ ਸ਼ਾਮਲ ਯੁਦੇਸ਼ਤਰ ਲਾਲ ਨੇ ਵਾਹਗਾ ਸਰਹੱਦ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਸ਼ਾਂਤੀ ਅਤੇ ਪ੍ਰੇਮ ਦਾ ਸੁਨੇਹਾ ਲੈ ਕੇ ਆਏ ਹਨ ਤੇ ਲੋਕਾਂ ’ਚ ਆਪਸੀ ਸੰਪਰਕ ਦਾ ਸਮਰਥਨ ਕਰਦੇ ਹਨ।
ਉਨ੍ਹਾਂ ਸਦੀਆਂ ਪੁਰਾਣੇ ਕੁਝ ਮੰਦਰ ਖੋਲ੍ਹਣ ਦੇ ਪਾਕਿਸਤਾਨ ਸਰਕਾਰ ਦੇ ਫ਼ੈਸਲੇ ਦਾ ਸੁਆਗਤ ਕੀਤਾ। ਇੱਥੇ ਵਰਨਣਯੋਗ ਹੈ ਕਿ ਪਿਛਲੇ ਮਹੀਨੇ ਪਾਕਿਸਤਾਨ ਸਰਕਾਰ ਨੇ ਸਿਆਲਕੋਟ ਸਥਿਤ ਲਗਭਗ ਇੱਕ ਹਜ਼ਾਰ ਸਾਲ ਪੁਾਣੇ ਸ਼ਵਾਲਾ ਤੇਜਾ ਸਿੰਘ ਮੰਦਰ ਨੂੰ ਉਸ ਦੀ ਮਾੜੀ ਹਾਲਤ ਕਾਰਨ ਪਾਕਿਸਤਾਨ ਹਿੰਦੂ ਪ੍ਰੀਸ਼ਦ ਨੂੰ ਸੌਂਪਿਆ ਸੀ।
ਲਾਹੌਰ ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਇਸ ਮੰਦਰ ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਹਿੰਦੂ ਭਾਈਚਾਰੇ ਨੇ ਪੂਜਾ ਕੀਤੀ ਸੀ। ਪਾਕਿਸਤਾਨ ਵਿੱਚ ਲਗਭਗ 75 ਲੱਖ ਹਿੰਦੂ ਵਸਦੇ ਹਨ ਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਸਿੰਧ ਸੂਬੇ ’ਚ ਹੀ ਹਨ।