ਚੀਨ ’ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 902 ਹੋ ਚੁੱਕੀ ਹੈ। ਇਸ ਵਾਇਰਸ ਤੋਂ ਉਸ ਦੇਸ਼ ਵਿੱਚ 40,000 ਤੋਂ ਵੱਧ ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ’ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸਮੁੱਚੀ ਦੁਨੀਆ ਦੀ ਚਿੰਤਾ ਵੀ ਵਧਦੀ ਜਾ ਰਹੀ ਹੈ।
ਜਾਪਾਨ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿਸ ਡਾਇਮੰਡ ਪ੍ਰਿਸੰਜ਼ ਕਰੂਜ਼ ਜਹਾਜ਼ ਨੂੰ ਵੱਖਰਾ ਰੱਖਿਆ ਗਿਆ ਹੈ। ਉਸ 'ਚ ਸਵਾਰ ਲਗਭਗ 61 ਹੋਰ ਲੋਕ ਇਸ ਨਾਲ ਪੀੜਤ ਪਾਏ ਗਏ ਹਨ। ਸਥਾਨਕ ਮੀਡੀਆ ਮੁਤਾਬਕ ਤਕਰੀਬਨ 61 ਹੋਰ ਲੋਕ ਵਾਇਰਸ ਦੀ ਲਪੇਟ 'ਚ ਆ ਗਏ ਹਨ, ਇਸ ਦੇ ਨਾਲ ਹੀ ਕਰੂਜ਼ 'ਚ ਸਵਾਰ ਪੀੜਤਾਂ ਦੀ ਗਿਣਤੀ 130 ਹੋ ਗਈ ਹੈ।
ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਹਾਲਾਂਕਿ ਇਸ 'ਤੇ ਤਤਕਾਲ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਪੀੜਤ ਲੋਕਾਂ ਨੂੰ ਇਕ ਪਾਸੇ ਰੱਖ ਲਿਆ ਗਿਆ ਹੈ ਤੇ ਬਾਕੀ ਲੋਕ ਵੱਖਰੇ ਹਨ ਪਰ ਫਿਰ ਵੀ ਵਾਇਰਸ ਦੀ ਲਪੇਟ 'ਚ ਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ ਸਵਾਰ ਵਧੇਰੇ ਬਜ਼ੁਰਗ ਵਿਅਕਤੀ ਹਨ, ਇਸ ਲਈ ਉਨ੍ਹਾਂ ਦੇ ਜਲਦੀ ਇਸ ਬੀਮਾਰੀ ਦੀ ਲਪੇਟ 'ਚ ਆਉਣ ਦਾ ਖਦਸ਼ਾ ਹੈ। ਇਸ ਜਹਾਜ਼ ਨੂੰ ਵੱਖਰਾ ਰੱਖਿਆ ਗਿਆ ਹੈ ਤੇ ਇਸ 'ਚ ਲਗਭਗ 3700 ਲੋਕ ਸਵਾਰ ਹਨ।