ਅਮਰੀਕਾ ਸਮੇਤ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ। ਸਿਰਫ਼ ਅਮਰੀਕਾ ’ਚ ਪਿਛਲੇ 24 ਘੰਟਿਆਂ ਅੰਦਰ 2,333 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਹੁਣ ਤੱਕ ਅਮਰੀਕਾ ’ਚ ਇਸ ਘਾਤਕ ਵਾਇਰਸ ਦੀ ਲਾਗ ਕਾਰਨ 72,271 ਵਿਅਕਤੀ ਮਾਰੇ ਜਾ ਚੁੱਕੇ ਹਨ। ਜੌਨ ਹੌਪਕਿਨਜ਼ ਯੂਨੀਵਰਸਿਟੀ ਅਨੁਸਾਰ ਦੁਨੀਆ ਭਰ ਵਿੱਚ ਹੁਣ ਤੱਕ 2 ਲੱਖ 55 ਹਜ਼ਾਰ 176 ਵਿਅਕਤੀਆਂ ਦੀ ਜਾਨ ਇਸ ਮਾਰੂ ਵਾਇਰਸ ਕਾਰਨ ਜਾ ਚੁੱਕੀ ਹੈ ਤੇ ਲਗਭਗ 37 ਲੱਖ ਵਿਅਕਤੀ ਇਸ ਛੂਤ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਇਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਤੇ ਯੂਰੋਪੀਅਨ ਦੇਸ਼ਾਂ ’ਤੇ ਪਿਆ ਹੈ।
ਅਮਰੀਕਾ ’ਚ ਹੁਣ ਤੱਕ 12.25 ਲੱਖ ਤੋਂ ਵੱਧ ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ; ਭਾਵੇਂ 1.90 ਲੱਖ ਵਿਅਕਤੀ ਠੀਕ ਵੀ ਹੋ ਚੁੱਕੇ ਹਨ।
ਇੰਨਾ ਹੀ ਨਹੀਂ, ਹੁਣ ਤੱਕ ਲਗਭਗ 75 ਲੱਖ ਵਿਅਕਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਬਾਜ਼ੀਲ ’ਚ ਮਹਾਮਾਰੀ ਦੇ 4,075 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਰੋਗੀਆਂ ਦੀ ਗਿਣਤੀ 1.08 ਲੱਖ ਤੋਂ ਵੱਧ ਹੋ ਗਈ ਹੈ, ਜਦ ਕਿ ਮੌਤ ਦਰ 6.9 ਫ਼ੀ ਸਦੀ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 7,367 ਹੋ ਗਈ ਹੈ।
ਅਮਰੀਕਾ ਤੋਂ ਬਾਅਦ ਸਪੇਨ ’ਚ ਸਭ ਤੋਂ ਵੱਧ 2.50 ਲੱਖ ਵਿਅਕਤੀ ਕੋਰੋਨਾ ਦੀ ਲਪੇਟ ’ਚ ਆਏ ਹਨ ਤੇ 25,613 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਫ਼ਰਾਂਸ ’ਚ 1.69 ਲੱਖ ਤੋਂ ਵੱਧ ਵਿਅਕਤੀ ਪਾਜ਼ਿਟਿਵ ਪਾਏ ਗਏ ਹਨ ਤੇ 25,201 ਵਿਅਕਤੀ ਮਾਰੇ ਜਾ ਚੁੱਕੇ ਹਨ। ਜਰਮਨੀ ’ਚ 24 ਘੰਟਿਆਂ ਵਿੱਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉੱਥੇ 1.66 ਲੱਖ ਵਿਅਕਤੀ ਪਾਜ਼ਿਟਿਵ ਹੋਏ ਸਨ ਤੇ 6,993 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਯੂਰੋਪ ’ਚ ਹੁਣ ਇੰਗਲੈਂਡ ਨੇ ਮੌਤਾਂ ਦੇ ਮਾਮਲੇ ਵਿੱਚ ਇਟਲੀ ਨੂੰ ਪਿੱਛੇ ਛੱਡ ਦਿੱਤਾ ਹੈ। ਉੱਥੇ ਹੁਣ ਮ੍ਰਿਤਕਾਂ ਦੀ ਗਿਣਤੀ ਵਧ ਕੇ 29,427 ਹੋ ਗਈ ਹੈ। ਸੋਮਵਾਰ ਨੂੰ ਇਟਲੀ ’ਚ ਲਗਭਗ ਇੱਕ ਹਜਾਰ ਨਵੇਂ ਮਾਮਲੇ ਸਾਹਮਣੇ ਆਏ ਸਨ।