ਮਿਸਰ `ਚ ਅੱਜ ਉਨ੍ਹਾਂ 75 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ ਨੇ ਸਾਲ 2013 `ਚ ‘ਮੁਸਲਿਮ ਬ੍ਰਦਰਹੁੱਡ` ਨਾਂਅ ਦੀ ਜੱਥੇਬੰਦੀ ਦੇ ਇੱਕ ਧਰਨੇ `ਚ ਭਾਗ ਲਿਆ ਸੀ ਤੇ ਉੱਥੇ ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ਨਾਲ 800 ਤੋਂ ਵੱਧ ਰੋਸ ਮੁਜ਼ਾਹਰਾਕਾਰੀ ਮਾਰੇ ਗਏ ਸਨ। ਬਾਕੀ ਖਿ਼ਲਾਫ਼ ਹੁਣ ਸੁਣਵਾਈ ਚੱਲ ਰਹੀ ਹੈ।
ਅੱਜ ਜਿਹੜੇ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿੱਚ ਕੁਝ ਪ੍ਰਮੁੱਖ ਇਸਲਾਮਿਕ ਆਗੂ ਵੀ ਸ਼ਾਮਲ ਹਨ ਤੇ ਜਿਨ੍ਹਾਂ ਖਿ਼ਲਾਫ਼ ਹਾਲੇ ਸੁਣਵਾਈ ਚੱਲ ਰਹੀ ਹੈ, ਉਨ੍ਹਾਂ `ਚ ਬ੍ਰਦਰਹੁੱਡ ਦਾ ਰੂਹਾਨੀ ਆਗੂ ਮੁਹੰਮਦ ਬੜੀ ਵੀ ਸ਼ਾਮਲ ਹੈ। ਬਹੁਤ ਸਾਰਿਆਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਸਭਨਾਂ `ਤੇ ਹਿੰਸਾ ਭੜਕਾਉਣ, ਕਤਲ ਕਰਨ ਤੇ ਗ਼ੈਰ-ਕਾਨੂੰਨੀ ਰੋਸ ਮੁਜ਼ਾਹਰੇ ਕਰਨ ਜਿਹੇ ਦੋਸ਼ ਲਾਏ ਗਏ ਹਨ।
ਸੱਜੇ-ਪੱਖੇ ਸਮੂਹਾਂ ਨੇ ‘ਰਬਾ ਕੇਸ` ਵਿੱਚ 700 ਤੋਂ ਵੱਧ ਲੋਕਾਂ ਦੀ ਕੀਤੀ ਜਾ ਰਹੀ ਸਮੂਹਕ ਸੁਣਵਾਈ ਦੀ ਆਲੋਚਨਾ ਕੀਤੀ ਹੈ।
ਅੱਜ ਸਨਿੱਚਰਵਾਰ ਨੂੰ ਮੌਤ ਦੀ ਸਜ਼ਾ-ਯਾਫ਼ਤਾ ਮੁਜਰਿਮਾਂ ਵਿੰਚ ਬ੍ਰਦਰਹੁੱਡ ਦੇ ਸੀਨੀਅਰ ਆਗੂ ਏਸਾਮ ਅਲ-ਏਰੀਅਨ ਤੇ ਮੁਹੰਮਦ ਬੇਲਤਾਗੀ ਅਤੇ ਇਸਲਾਮਿਕ ਪ੍ਰਚਾਰਕ ਸਫ਼ਵਾਤ ਹਿਗਾਜ਼ੀ ਜਿਹੇ ਆਗੂ ਸ਼ਾਮਲ ਹਨ।
ਜਦੋਂ ਫ਼ੌਜ ਮੁਖੀ ਅਬਦਲ ਫ਼ੱਤਾਹ ਅਲ-ਸੀਸੀ ਨੇ ਇਸਲਾਮਿਕ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ ਗੱਦੀਓਂ ਲਾਹਿਆ ਸੀ, ਉਸ ਦੇ ਕੁਝ ਹਫ਼ਤਿਆਂ ਬਾਅਦ ਅਗਸਤ 2013 `ਚ ਹਜ਼ਾਰਾਂ ਲੋਕ ਰੋਸ ਧਰਨਿਆਂ `ਤੇ ਬੈਠ ਗਏ ਸਨ। ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਉਦੋਂ 800 ਤੋਂ ਵੱਧ ਰੋਸ ਮੁਜ਼ਾਹਰਾਕਾਰੀ ਮਾਰੇ ਗਏ ਸਨ।
2014 `ਚ ਫ਼ੌਜ ਮੁਖ ਸੀਸੀ ਨੇ ਦੇਸ਼ ਦੀ ਸੱਤਾ ਸੰਭਾਲ ਲਈ ਸੀ ਤੇ ਤਦ ਤੋਂ ਲੈ ਕੇ ਹੁਣ ਤੱਕ ਸੈਂਕੜੇ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ।