ਅਮਰੀਕਾ `ਚ ਇਕ ਵਿਅਕਤੀ ਨੇ ਲਾਟਰੀ ਟਿਕਟ `ਤੇ 1.5 ਅਰਬ ਡਾਲਰ ਭਾਵ 110 ਅਰਬ ਰੁਪਏ ਦਾ ਜੈਕਪਾਟ ਜਿੱਤਿਆ ਹੈ। ਅਮਰੀਕਾ `ਚ ਲਾਟਰੀ `ਚ ਜਿੱਤੀ ਗਈ ਇਹ ਦੂਜੀ ਸਭ ਤੋਂ ਵੱਡੀ ਰਕਮ ਹੈ। ਲਾਟਰੀ ਨਾਲ ਜੁੜੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰੰਤੂ ਅਜੇ ਤੱਕ ਜੇਤੂ ਦੀ ਪਹਿਚਾਣ ਨਹੀਂ ਹੋਈ।
ਮੇਗਾ ਮਿਲੀਅਨ ਜਿਸਨੇ ਲਾਟਰੀ `ਚ ਇਨਾਮੀ ਰਕਮ ਦੀ ਜਿੱਤਣ ਦਾ ਐਲਾਨ ਕੀਤਾ, ਨੇ ਆਪਣੀ ਵੈਬਸਾਈਟ `ਤੇ ਦੱਸਿਆ ਕਿ ਦੱਖਣੀ ਕੈਰੋਲੀਨਾ `ਚ ਇਹ ਟਿਕਟ ਵੇਚਿਆ ਗਿਆ ਸੀ। ਮੇਗਾ ਮਿਲੀਅਨ ਨੇ ਹਾਲਾਂਕਿ ਪਹਿਲਾਂ ਦੱਸਿਆ ਸੀ ਕਿ ਵਿਅਕਤੀ ਨੇ 1.6 ਅਰਬ ਅਮਰੀਕੀ ਡਾਲਰ ਦਾ ਜੈਕਪਾਟ ਜਿੱਤਿਆ, ਪ੍ਰੰਤੂ ਬਾਅਦ `ਚ ਇਸ `ਚ ਸੁਧਾਰ ਕਰਕੇ ਇਸ ਨੂੰ 1.537 ਅਰਬ ਡਾਲਰ ਕੀਤਾ। ਪਾਵਰਬਾਲ ਲਾਟਰੀ ਦੇ ਜੈਕਪਾਟ ਰਾਹੀਂ ਜਨਵਰੀ 2016 `ਚ 1.586 ਅਰਬ ਦਾ ਜੈਕਪਾਟ ਮਿਲਿਆ ਸੀ, ਜਿਸ ਨੂੰ ਤਿੰਨ ਟਿਕਟਾਂ `ਤੇ ਵੰਡਿਆ ਗਿਆ ਸੀ। ਇਸ ਤਰ੍ਹਾਂ ਨਾਲ ਇਹ ਦੂਜਾ ਸਭ ਤੋਂ ਵੱਡਾ ਇਨਾਮ ਹੈ। ਵਿਸ਼ੇਸ਼ ਮੇਗਾ ਬਾਲ ਰਾਹੀਂ ਮੰਗਲਵਾਰ ਦੀ ਰਾਤ ਨੂੰ ਛੇ ਵਿਜੇਤਾ ਨੰਬਰ ਡਰਾਅ `ਚ ਕੱਢੇ ਜੋ ਕ੍ਰਮਵਾਰ 5, 28, 62, 65, 70 ਅਤੇ 5 ਹਨ।
ਮੇਗਾ ਮਿਲੀਅਨ ਸਮੂਹ ਦੇ ਪ੍ਰਮੁੱਖ ਨਿਰਦੇਸ਼ਕ ਅਤੇ ਮੈਰੀਲੈਂਡ ਲਾਟਰੀ ਅਤੇ ਗੇਮਿੰਗ ਦੇ ਨਿਰਦੇਸ਼ਕ ਡਾਰਡਨ ਮੇਡੇਨਿਕਾ ਨੇ ਕਿਹਾ ਕਿ ਜਿਸ ਸਮੇਂ ਦੀ ਅਸੀਂ ਉਡੀਕ ਕਰ ਰਹੇ ਸੀ, ਉਹ ਆ ਚੁੱਕਿਆ ਹੈ। ਅਸੀਂ ਹੋਰ ਜਿ਼ਆਦਾ ਉਡੀਕ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹ ਵਾਸਤਵ `ਚ ਇਕ ਇਤਿਹਾਸਕ ਮੌਕਾ ਹੈ।