ਅਮਰੀਕੀ ਸੂਬੇ ਵਰਜੀਨੀਆ ਦੀ ਚੈਸਟਰਫ਼ੀਲਡ ਕਾਊਂਟੀ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਹੁਤ ਸਾਰੇ ਲੋਕ ਹੈਰਾਨ ਵੀ ਹਨ ਤੇ ਪਰੇਸ਼ਾਨ ਵੀ।
ਇੱਥੇ 67 ਸਾਲਾਂ ਦੀ ਇੱਕ ਔਰਤ ਅਨੀਤਾ ਕਿਊਲਪ–ਥਾਂਪਸਨ ਨੇ ਮਰਦੇ ਸਮੇਂ ਆਪਣੀ ਅਜਿਹੀ ਆਖ਼ਰੀ ਇੱਛਾ ਪ੍ਰਗਟਾਈ ਕਿ ਜਿਸ ਨੂੰ ਪੂਰੀ ਕਰਨ ਲਈ ਇੱਕ ਹੋਰ ਜਾਨ ਲੈਣੀ ਪਈ। ਇਹ ਜਾਨ ਹੋਰ ਕਿਸੇ ਦੀ ਨਹੀਂ, ਉਸ ਦੀ ਆਪਣੀ ਪਾਲਤੂ ਕੁੱਤੀ ਐਮਾ ਦੀ ਲਈ ਗਈ।
ਮਾਲਕਣ ਆਪਣੀ ਕੁੱਤੀ ਨੂੰ ਬਹੁਤ ਪਿਆਰ ਕਰਦੀ ਸੀ। ਜਦੋਂ ਉਹ ਆਖ਼ਰੀ ਸਾਹਾਂ ’ਤੇ ਸੀ, ਤਦ ਉਸ ਨੇ ਆਪਣੀ ਆਖ਼ਰੀ ਇੱਛਾ ਪ੍ਰਗਟਾਈ ਕਿ ਉਸ ਨਾਲ ਉਸ ਦੀ ਕੁੱਤੀ ਨੂੰ ਵੀ ਉਸ ਦੀ ਕਬਰ ਵਿੱਚ ਦਫ਼ਨਾ ਦਿੱਤਾ ਜਾਵੇ।
ਕੁੱਤੀ ਐਮਾ ਪੂਰੀ ਤਰ੍ਹਾਂ ਤੰਦਰੁਸਤ ਸੀ ਪਰ ਵਰਜੀਨੀਆ ਦਾ ਕਾਨੂੰਨ ਕੁੱਤੇ ਨੂੰ ਨਿਜੀ ਸੰਪਤੀ ਮੰਨਦਾ ਹੈ। ਇਸੇ ਲਈ ਮਾਲਕ ਜੋ ਮਰਜ਼ੀ ਚਾਹੇ, ਆਪਣੇ ਕੁੱਤੇ ਨਾਲ ਕਰ ਸਕਦਾ ਹੈ। ਇਸੇ ਲਈ ਕਾਨੂੰਨ ਮੁਤਾਬਕ ਪਾਲਤੂ ਕੁੱਤੀ ਨੂੰ ਉਸ ਦੀ ਮਾਲਕਣ ਨਾਲ ਹੀ ਕਬਰ ਵਿੱਚ ਦਫ਼ਨਾਉਣ ਲਈ ਪਹਿਲਾਂ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ ਗਿਆ ਤੇ ਫਿਰ ਉਸ ਦੀ ਮਾਲਕਣ ਦੀ ਆਖ਼ਰੀ ਖ਼ਾਹਿਸ਼ ਪੂਰੀ ਕੀਤੀ ਗਈ।