ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਹਿਰੀਨ ਦਾ ਸਰਵਉਚ ਨਾਗਰਿਕ ਸਨਮਾਨ ‘ਕਿੰਗ ਹਮਾਦ ਆਰਡਰ ਆਫ ਰੇਨੇਸਾਂ’ ਨਾਲ ਸਨਮਾਨਤ ਕੀਤਾ ਜਾਵੇਗਾ। ਇਮਰਾਨ ਖਾਨ ਦੇ ਵਿਦੇਸ਼ੀ ਪਾਕਿਸਤਾਨੀਆਂ ਦੇ ਮਾਮਲਿਆਂ ਦੇ ਸਲਾਹਕਾਰ ਜ਼ੁਲਫੀ ਬੁਖਾਰੀ ਨੇ ‘ਅਰਬ ਨਿਊਜ਼’ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਮਹੀਨੇ ਬਹਿਰੀਨ ਦੇ ਅਧਿਕਾਰਤ ਦੌਰੇ ‘ਤੇ ਜਾਣਗੇ, ਜਿਥੇ ਉਨ੍ਹਾਂ ਨੂੰ ‘ਕਿੰਗ ਹਮਾਦ ਆਰਡਰ ਆਫ਼ ਰੇਨੇਸਾਂ’ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ ਇਕ ਵਿਸ਼ੇਸ਼ ਸਮਾਗਮ ਵਿਚ ਦਿੱਤਾ ਜਾਵੇਗਾ।
ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਤ ਰਿਪੋਰਟਾਂ ਚ ਦੱਸਿਆ ਗਿਆ ਹੈ ਕਿ ਬਹਿਰੀਨ ਦੇ ਨੈਸ਼ਨਲ ਗਾਰਡ ਲੈਫਟੀਨੈਂਟ ਜਨਰਲ ਸ਼ੇਖ ਮੁਹੰਮਦ ਬਿਨ ਈਸਾ ਬਿਨ ਸਲਮਾਨ ਅਲ ਖਲੀਫਾ ਨੇ ਇਮਰਾਨ ਖਾਨ ਨੂੰ ਇਸ ਸਾਲ ਆਪਣੇ ਪਾਕਿਸਤਾਨ ਦੌਰੇ ਦੌਰਾਨ ਬਹਿਰੀਨ ਆਉਣ ਦਾ ਸੱਦਾ ਦਿੱਤਾ ਸੀ। ਇਮਰਾਨ 15 ਦਸੰਬਰ ਨੂੰ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਣਗੇ।
ਪਹਿਲਾਂ ਇਮਰਾਨ ਖਾਨ ਬਹਿਰੀਨ ਜਾਣਗੇ, ਜਿੱਥੇ ਉਹ ਸ਼ਾਹ ਹਮਾਦ ਬਿਨ ਈਸਾ ਬਿਨ ਸਲਮਾਨ ਅਲ ਖਲੀਫਾ ਨਾਲ ਮੁਲਾਕਾਤ ਕਰਨਗੇ ਤੇ ਬਹਿਰੀਨ ਦੇ ਰਾਸ਼ਟਰੀ ਦਿਵਸ ਚ ਵੀ ਸ਼ਿਰਕਤ ਕਰਨਗੇ। ਇਮਰਾਨ ਬਹਿਰੀਨ ਤੋਂ ਬਾਅਦ ਸਵਿਟਜ਼ਰਲੈਂਡ ਦੇ ਜਿਨੇਵਾ ਚ ਪ੍ਰਵਾਸੀਆਂ ਨਾਲ ਸਬੰਧਤ ਇੱਕ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਮਲੇਸ਼ੀਆ ਜਾਣਗੇ।
ਮਹੱਤਵਪੂਰਣ ਗੱਲ ਇਹ ਹੈ ਕਿ ਬਹਿਰੀਨ ਦੇ ਸ਼ਾਹ ਹਮਾਦ ਬਿਨ ਈਸਾ ਬਿਨ ਸਲਮਾਨ ਅਲ ਖਲੀਫਾ ਨੇ ਅਗਸਤ ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿੰਗ ਹਮਾਦ ਆਰਡਰ ਆਫ ਰੇਨੇਸਾਂ ਨਾਲ ਸਨਮਾਨਿਤ ਕੀਤਾ ਸੀ।