ਏਅਰ ਇੰਡੀਆ ਦੇ ਦਿੱਲੀ ਤੋਂ ਮਾਸਕੋ ਜਾਣ ਵਾਲੇ ਜਹਾਜ਼ ਦੇ ਪਾਇਲਟ ਨੂੰ ਕੋਰੋਨਾ ਵਾਇਰਸ ਹੋਣ ਮਗਰੋਂ ਅੱਧੇ ਰਸਤੇ 'ਚੋਂ ਜਹਾਜ਼ ਨੂੰ ਵਾਪਸ ਦਿੱਲੀ ਬੁਲਾ ਲਿਆ ਗਿਆ। ਜਹਾਜ਼ ਦੀ ਵਾਪਸੀ 'ਤੇ ਅਧਿਕਾਰੀਆਂ ਨੇ ਕਿਹਾ ਕਿ ਉਡਾਣ ਤੋਂ ਪਹਿਲਾਂ ਜਾਂਚ ਰਿਪੋਰਟ 'ਚ ਇੱਕ ਗਲਤੀ ਸੀ, ਜਿਸ ਨੂੰ ਸ਼ੁਰੂ 'ਚ ਨੈਗੇਟਿਵ ਵਜੋਂ ਪੜ੍ਹਿਆ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਉਡਾਣ ਦੌਰਾਨ ਪਾਇਲਟ ਦੀ ਸਿਹਤ ਵਿਗੜਨ ਤੋਂ ਬਾਅਦ ਫ਼ਲਾਈਟ ਨੂੰ ਵਾਪਸ ਬੁਲਾ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ 'ਵੰਦੇ ਭਾਰਤ ਮਿਸ਼ਨ' ਤਹਿਤ ਰੂਸ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਦਿੱਲੀ ਤੋਂ ਮਾਸਕੋ ਲਈ ਰਵਾਨਾ ਹੋਇਆ ਸੀ। ਇਸ ਲਈ ਇਸ ਜਹਾਜ਼ 'ਚ ਕੋਈ ਯਾਤਰੀ ਨਹੀਂ ਸੀ।
Air India's Delhi-Moscow flight returns midway to Delhi as ground team realises the pilot is COVID-19 positive: Officials
— Press Trust of India (@PTI_News) May 30, 2020
ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੇ ਸਨਿੱਚਰਵਾਰ ਸਵੇਰੇ ਮਾਸਕੋ ਲਈ ਉਡਾਣ ਭਰੀ ਸੀ। ਇਸ ਜਹਾਜ਼ 'ਚ ਦਿੱਲੀ-ਐਨਸੀਆਰ ਅਤੇ ਰਾਜਸਥਾਨ ਦੇ ਲੋਕਾਂ ਨੂੰ ਰੂਸ ਤੋਂ ਵਾਪਸ ਲਿਆਂਦਾ ਜਾਣਾ ਸੀ। ਰਸਤੇ 'ਚ ਪਾਇਲਟ ਨੂੰ ਦੱਸਿਆ ਗਿਆ ਕਿ ਉਸ ਦੀ ਕੋਵਿਡ-19 ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਅੱਧੇ ਰਸਤੇ 'ਚੋਂ ਵਾਪਸ ਮੁੜਨਾ ਪਿਆ। ਹੁਣ ਜਹਾਜ਼ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਨ ਤੋਂ ਬਾਅਦ ਨਵੇਂ ਚਾਲਕ ਦਲ ਨੂੰ ਮਾਸਕੋ ਭੇਜਿਆ ਜਾਵੇਗਾ।
ਇਸ ਸਬੰਧ 'ਚ ਪੁੱਛੇ ਜਾਣ 'ਤੇ ਏਅਰ ਇੰਡੀਆ ਨੇ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਕਾਰਨ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ 'ਵੰਦੇ ਭਾਰਤ ਮਿਸ਼ਨ' ਚਲਾਇਆ ਜਾ ਰਿਹਾ ਹੈ। ਮਿਸ਼ਨ ਦੇ ਤੀਜੇ ਗੇੜ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।
ਇਸ ਸਮੇਂ ਵੰਦੇ ਭਾਰਤ ਮਿਸ਼ਨ ਦਾ ਦੂਜਾ ਪੜਾਅ ਚੱਲ ਰਿਹਾ ਹੈ। ਵੰਦੇ ਭਾਰਤ ਮਿਸ਼ਨ ਦੇ ਦੂਜੇ ਪੜਾਅ ਤਹਿਤ ਸਰਕਾਰ 60 ਦੇਸ਼ਾਂ ਵਿੱਚ ਫਸੇ 1 ਲੱਖ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਵੰਦੇ ਭਾਰਤ ਮਿਸ਼ਨ ਦਾ ਦੂਜਾ ਗੇੜ ਪਹਿਲਾਂ 22 ਮਈ ਨੂੰ ਖ਼ਤਮ ਹੋਣਾ ਸੀ। ਹਾਲਾਂਕਿ ਸਰਕਾਰ ਨੇ ਇਸ ਨੂੰ 13 ਜੂਨ ਤਕ ਵਧਾ ਦਿੱਤਾ ਹੈ।