ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਫਰਾਰ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੇਹੁਲ ਚੋਕਸੀ ਦੀ ਨਾਗਰਿਕਤਾ ਰੱਦ ਹੋਵੇਗੀ। ਹੁਣ ਉਸ ਕੋਲ ਕੋਈ ਕਾਨੂੰਨੀ ਰਸਤਾ ਨਹੀਂ ਬਚਿਆ ਅਤੇ ਉਹ ਛੇਤੀ ਹੀ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ।
ਮੇਹੁਲ ਚੋਕਸੀ ਅਤੇ ਉਸ ਦਾ ਭਤੀਜਾ ਨੀਰਵ ਮੋਦੀ ਦੋਵੇਂ ਪੀਐਨਬੀ ਨਾਲ 13,400 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਮਾਮਲੇ ਵਿੱਚ ਈਡੀ ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਲੋੜੀਂਦੇ ਹਨ। ਬੀਤੇ ਕਾਫੀ ਸਮੇਂ ਤੋਂ ਉਸ ਨੂੰ ਭਾਰਤ ਲਿਆਉਣ ਲਈ ਯਤਨ ਜਾਰੀ ਹਨ।
ਕਰੋੜਾਂ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਪ੍ਰਮੁੱਖ ਦੋਸ਼ੀਆਂ ਵਿੱਚੋਂ ਇੱਕ ਮੇਹੁਲ ਚੋਕਸੀ ਨੇ ਬੀਤੇ ਹਫ਼ਤੇ ਬੰਬਈ ਹਾਈ ਕੋਰਟ ਵਿੱਚ ਕਿਹਾ ਸੀ ਕਿ ਉਸ ਨੇ ਮਾਮਲੇ ਵਿੱਚ0 ਸਰਕਾਰੀ ਵਕੀਲ ਤੋਂ ਬਚਣ ਲਈ ਨਹੀਂ ਸਗੋਂ ਆਪਣੇ ਇਲਾਜ ਲਈ ਦੇਸ਼ ਛੱਡਿਆ ਸੀ। ਫ਼ਰਾਰ ਹੀਰਾ ਕਾਰੋਬਾਰੀ ਚੋਕਸੀ ਅਜੇ ਕੈਰੇਬੀਆਈ ਦੇਸ਼ ਐਂਟੀਗੁਆ ਵਿੱਚ ਰਹਿ ਰਿਹਾ ਹੈ।
ਚੋਕਸੀ ਨੇ ਅਦਾਲਤ ਵਿੱਚ ਉਸ ਵੱਲੋਂ ਦਾਇਰ ਦੋ ਪਟੀਸ਼ਨਾਂ ਦੇ ਸਬੰਧ ਵਿੱਚ ਆਪਣੇ ਵਕੀਲ ਵਿਜੇ ਅਗਰਵਾਲ ਰਾਹੀਂ ਹਲਫਨਾਮਾ ਦਾਇਰ ਕੀਤਾ ਹੈ। ਉਨ੍ਹਾਂ ਪਟੀਸ਼ਨਾਂ ਵਿੱਚ ਈਡੀ ਵੱਲੋਂ ਇੱਕ ਵਿਸ਼ੇਸ਼ ਅਦਾਲਤ ਵਿੱਚ ਦਾਇਰ ਇੱਕ ਅਰਜ਼ੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
ਚੋਕਸੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਉਹ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਭਾਰਤ ਪਰਤਣ ਵਿੱਚ ਅਸਮਰਥ ਹਨ।