ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਸੋਮਵਾਰ ਨੂੰ ਇੱਕ ਹੋਟਲ ਦੇ ਬਾਹਰ ਕਾਰ ਬੰਬ ਧਮਾਕੇ ਵਿੱਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਅਫ਼ਰੀਕਨ ਹੋਟਲ ਦੇ ਬਾਹਰ ਇੱਕ ਜਾਂਚ ਚੌਕੀ ਨੇੜੇ ਹੋਏ ਧਮਾਕੇ ਦੀ ਆਵਾਜ਼ ਬਹੁਤ ਦੂਰ ਤੱਕ ਸੁਣਾਈ ਦਿੱਤੀ ਅਤੇ ਧੁੰਏਂ ਦਾ ਗ਼ੁਬਾਰ ਹਵਾ ਵਿੱਚ ਫੈਲ ਗਿਆ।
ਧਮਾਕੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਲਈ ਹੈ। ਮਦੀਨਾ ਹਸਪਤਾਲ ਦੇ ਨਿਰਦੇਸ਼ਕ ਮੁਹੰਮਦ ਯੂਸਫ਼ ਨੇ ਕਿਹਾ ਕਿ ਧਮਾਕੇ ਵਿੱਚ ਮਾਰੇ ਗਏ 17 ਲੋਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾਂ ਦਿੱਤਾ ਗਿਆ ਹੈ। ਜਦਕਿ ਜ਼ਖ਼ਮੀ 28 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਸ ਧਮਾਕੇ ਦੇ ਚਸ਼ਮਦੀਦ ਇੱਕ ਸੁਰੱਖਿਆ ਅਧਿਕਾਰੀ ਅਬਦੁੱਲਾ ਅਹਿਮਦ ਨੇ ਦੱਸਿਆ ਕਿ ਪਹਿਲਾਂ ਦੱਸਿਆ ਸੀ ਕਿ ਇਸ ਹਮਲੇ ਵਿੱਚ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਹਮਲਾ ਹੋਟਲ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।
ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਹਮਲੇ ਵਿੱਚ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਕ ਚਸ਼ਮਦੀਦ ਗਵਾਹ ਅਬਦੀਕਰਮ ਮੁਹੰਮਦ ਨੇ ਦੱਸਿਆ ਕਿ ਜਿੱਥੇ ਇਹ ਧਮਾਕਾ ਹੋਇਆ ਸੀ, ਮੈਂ ਉੱਥੋਂ ਜ਼ਿਆਦਾ ਦੂਰ ਨਹੀਂ ਸੀ। ਮੈਂ ਧਮਾਕੇ ਤੋਂ ਬਾਅਦ ਕਈ ਲੋਕਾਂ ਨੂੰ ਖੂਨ ਨਾਲ ਲਥਪੱਥ ਸੜਕ ਉੱਤੇ ਪਿਆ ਹੋਇਆ ਵੇਖਿਆ।
ਇਸ ਹਮਲੇ ਤੋਂ ਇਕ ਹਫ਼ਤੇ ਪਹਿਲਾਂ ਅਲ-ਸ਼ਬਾਬ ਦੇ ਅੱਤਵਾਦੀਆਂ ਨੇ ਇੱਕ ਹਰਮਨਪਿਆਰੇ ਹੋਟਲ ਉੱਤੇ 12 ਘੰਟੇ ਤੱਕ ਹਮਲਾ ਕੀਤਾ ਸੀ। ਇਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਅਤੇ 56 ਲੋਕ ਜ਼ਖ਼ਮੀ ਹੋ ਗਏ ਸਨ।