ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਅਮਰੀਕਾ ਦੀ ਯਾਤਰਾ ਉੱਤੇ ਹਨ; ਇਸੇ ਲਈ ਬਲੋਚਿਸਤਾਨ ਤੋਂ ਇੱਥੇ ਆ ਕੇ ਵੱਸੇ ਪਾਕਿਸਤਾਨੀ ਨਾਗਰਿਕ ਲਗਾਤਾਰ ਉਨ੍ਹਾਂ ਵਿਰੁੱਧ ਰੋਸ ਮੁਜ਼ਾਹਰੇ ਕਰ ਰਹੇ ਹਨ।
ਉਨ੍ਹਾਂ ਐਤਵਾਰ ਨੂੰ ਵੀ ਸ੍ਰੀ ਇਮਰਾਨ ਖ਼ਾਨ ਨੂੰ ਇੱਕ ਸਮਾਰੋਹ ਵਿੱਚ ਠੀਕ ਤਰ੍ਹਾਂ ਬੋਲਣ ਨਹੀਂ ਦਿੱਤਾ ਸੀ ਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ ਸੀ। ਇੰਝ ਹੀ ਕੱਲ੍ਹ ਵੀ ਬਲੋਚ ਨਾਗਰਿਕਾਂ ਨੇ ਇੱਥੇ ਵਾਸ਼ਿੰਗਟਨ ਡੀਸੀ ‘ਚ ਸੜਕ ਉੱਤੇ ਖਲੋ ਕੇ ਇਮਰਾਨ ਖ਼ਾਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਦਰਸ਼ਨ ਕੀਤਾ।
ਦਰਅਸਲ, ਪਾਕਿਸਤਾਨੀ ਸੂਬੇ ਬਲੋਚਿਸਤਾਨ ਦੇ ਲੋਕ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਾਕਿਸਤਾਨ ਫ਼ੌਜ ਤੇ ਪੁਲਿਸ ਉਨ੍ਹਾਂ ਉੱਤੇ ਅਕਸਰ ਤਸ਼ੱਦਦ ਢਾਹੁੰਦੀ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਘਟਨਾਵਾਂ ਵਾਪਰਨਾ ਉੱਥੇ ਆਮ ਜਿਹੀ ਗੱਲ ਹੋ ਗਈ ਹੈ।
ਅਮਰੀਕਾ ’ਚ ਵੱਡੀ ਗਿਣਤੀ ਵਿੱਚ ਰਹਿੰਦੇ ਬਲੋਚ NRPs ਪਿਛਲੇ ਦੋ ਦਿਨਾਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਬਿਲਬੋਰਡ ਮੁਹਿੰਮ ਰਾਹੀਂ ਅਪੀਲਾਂ ਕਰ ਰਹੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਬਲੋਚਿਸਤਾਨ ਵਿੱਚ ਲਗਾਤਾਰ ਲਾਪਤਾ ਹੋ ਰਹੇ ਲੋਕਾਂ ਬਾਰੇ ਪਤਾ ਲਾਇਆ ਜਾਵੇ।
ਚੇਤੇ ਰਹੇ ਕਿ ਅੱਜ ਸੋਮਵਾਰ ਨੂੰ ਸ੍ਰੀ ਇਮਰਾਨ ਖ਼ਾਨ ਨੇ ਸ੍ਰੀ ਟਰੰਪ ਨਾਲ ਮੁਲਾਕਾਤ ਕੀਤੀ ਹੈ। ਇਸ ਵੇਲੇ ਉਨ੍ਹਾਂ ਨਾਲ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਅਤੇ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਵੀ ਮੌਜੂਦ ਸਨ।
ਇਸ ਤੋਂ ਇਲਾਵਾ ਉਨ੍ਹਾਂ ਕੌਮਾਂਤਰੀ ਮੁਦਰਾ ਕੋਸ਼ (IMF) ਤੇ ਵਿਸ਼ਵ ਬੈਂਕ ਦੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਹਨ।