ਬੰਗਲਾਦੇਸ਼ ਦੀ ਇਕ ਅਦਾਲਤ ਨੇ 2004 ਦੇ ਗ੍ਰੇਨੇਡ ਹਮਲਾ ਮਾਮਲੇ `ਚ ਬੁੱਧਵਾਰ ਨੂੰ 19 ਲੋਕਾਂ ਨੂੰ ਮੌਤ ਦੀ ਸਜਾ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੇ ਪੁੱਤਰ ਤਾਰਿਕ ਰਹਿਮਾਨ ਸਮੇਤ 19 ਲੋਕਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ।
ਇਸ ਹਮਲੇ `ਚ 24 ਲੋਕ ਮਾਰੇ ਗਏ ਸਨ ਅਤੇ ਉਸ ਸਮੇਂ ਵਿਰੋਧੀ ਪਾਰਟੀ ਦੇ ਮੁੱਖੀ ਰਹੀ ਸ਼ੇਖ ਹਸੀਨਾ ਸਮੇਤ ਕਰੀਬ 500 ਲੋਕ ਜ਼ਖਮੀ ਹੋ ਗਏ ਸਨ।
ਬੰਗਲਾਦੇਸ਼ ਦੀ ਮੌਜੂਦਾ ਪ੍ਰਧਾਨ ਮੰਤਰੀ ਹਸੀਨਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਹਮਲਾ 21 ਅਗਸਤ 2004 ਨੂੰ ਅਵਾਮੀ ਲੀਗ ਦੀ ਇਕ ਰੈਲੀ `ਤੇ ਕੀਤਾ ਗਿਆ ਸੀ। ਹਸੀਨਾ ਇਸ ਹਮਲੇ `ਚ ਬਚ ਗਈ ਸੀ, ਪ੍ਰੰਤੂ ਉਨ੍ਹਾਂ ਦੇ ਸੁਣਨ ਦੀ ਸਮਰਥਾ ਨੂੰ ਕੁਝ ਨੁਕਸਾਨ ਹੋਇਆ ਸੀ।
ਸਾਬਕਾ ਗ੍ਰਹਿ ਰਾਜ ਮੰਤਰੀ ਲੁਤਫੋਜਮਾਂ ਬਾਬਰ ਉਨ੍ਹਾਂ 19 ਲੋਕਾਂ `ਚ ਸ਼ਾਮਲ ਹਨ ਜਿਨ੍ਹਾਂ ਨੂੰ ਅਦਾਲਤ ਨੇ ਬੁੱਧਵਾਰ ਨੂੰ ਸਜ਼ਾ ਏ ਮੌਤ ਸੁਣਾਈ ਗਈ ਹੈ।
ਲੰਡਨ `ਚ ਰਹਿ ਰਹੇ ਬੀਐਨਪੀ ਦੇ ਸੀਨੀਅਰ ਮੀਤ ਪ੍ਰਧਾਨ ਰਹਿਮਾਨ ਅਤੇ 18 ਹੋਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਜਾਂਚ `ਚ ਇਹ ਪਾਇਆ ਗਿਆ ਕਿ ਰਹਿਮਾਨ ਸਮੇਤ ਬੀਐਨਪੀ ਨੀਤ ਸਰਕਾਰ ਦੇ ਪ੍ਰਭਾਵੀ ਧੜੇ ਨੇ ਅੱਤਵਾਦੀ ਸੰਗਠਨ ਹਰਕਤੁਲ ਜਿਹਾਦ ਅਲ ਇਸਲਾਮੀ ਦੇ ਅੱਤਵਾਦੀਆਂ ਨਾਲ ਇਹ ਹਮਲਾ ਕਰਨ ਦੀ ਯੋਜਨਾ ਬਣਾਈ ਸੀ।