ਅਮਰੀਕਾ ਦੇ ਮਸ਼ਹੂਰ ਨਾਗਰਿਕ ਅਧਿਕਾਰਾਂ ਦੇ ਨੇਤਾ, ਸੰਸਦ ਮੈਂਬਰ ਜਾਨ ਲੇਵਿਸ ਨੇ ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਅਮਰੀਕੀ ਪ੍ਰਤੀਨਿਧ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਅਤੇ ਅਗਲੇ 5 ਸਾਲਾਂ ਲਈ 15 ਕਰੋੜ ਡਾਲਰ ਦੀ ਮੰਗ ਕੀਤੀ ਹੈ। ਗਾਂਧੀ ਦੀ 150ਵੀਂ ਜਯੰਤੀ ਦੇ ਸਮਾਰੋਹ 'ਚ ਪੇਸ਼ ਕੀਤਾ ਗਿਆ 'ਹਾਊਸ ਬਿਲ' (ਐਚਆਰ 5517) ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਅਤੇ ਗਾਂਧੀ ਤੇ ਲੂਥਰ ਕਿੰਗ ਜੂਨੀਅਰ ਦੇ ਵਿਚਾਰਾਂ ਅਤੇ ਯੋਗਦਾਨਾਂ ਨੂੰ ਦਰਸਾਉਂਦਾ ਹੈ।
ਬਿਲ ਦੇ ਹੋਰ ਪ੍ਰਸਤਾਵਾਂ 'ਚ 'ਗਾਂਧੀ-ਕਿੰਗ ਡਿਵੈਲਪਮੈਂਟ ਫਾਊਂਡੇਸ਼ਨ' ਦੀ ਸਥਾਪਨਾ ਕਰਨਾ ਵੀ ਸ਼ਾਮਿਲ ਹੈ, ਜਿਸ ਨੂੰ ਭਾਰਤੀ ਕਾਨੂੰਨਾਂ ਤਹਿਤ 'ਯੂਨਾਈਟਿਡ ਸਟੇਸਟ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ' (ਯੂ.ਐਸ.ਏ.ਆਈ.ਡੀ.) ਵਲੋਂ ਗਠਿਤ ਕੀਤਾ ਜਾਵੇਗਾ। ਬਿਲ 'ਚ ਇਸ ਫਾਊਂਡੇਸ਼ਨ ਲਈ ਯੂ.ਐਸ.ਏ.ਆਈ.ਡੀ. ਨੂੰ ਅਗਲੇ 5 ਸਾਲ ਤਕ ਹਰ ਸਾਲ ਤਿੰਨ ਕਰੋੜ ਰੁਪਏ ਦੇਣ ਦੀ ਮੰਗ ਕੀਤੀ ਗਈ ਹੈ।
ਬਿਲ ਵਿਚ ਕਿਹਾ ਗਿਆ ਹੈ ਕਿ ਇਸ ਫਾਊਂਡੇਸ਼ਨ ਵਿਚ ਸੰਯੁਕਤ ਰਾਜ ਅਮਰੀਕਾ ਤੇ ਭਾਰਤ ਦੀਆਂ ਸਰਕਾਰਾਂ ਵਲੋਂ ਬੁਲਾਈ ਗਈ ਇਕ ਪ੍ਰੀਸ਼ਦ ਹੋਵੇਗੀ ਤੇ ਸਿਹਤ, ਪ੍ਰਦੂਸ਼ਣ ਤੇ ਜਲਵਾਯੂ ਪ੍ਰਦੂਸ਼ਣ, ਸਿੱਖਿਆ ਤੇ ਮਹਿਲਾ ਸ਼ਕਤੀਕਰਨ ਦੇ ਖੇਤਰਾਂ ਵਿਚ ਗੈਰ-ਸਰਕਾਰੀ ਸੰਗਠਨਾਂ ਨੂੰ ਗ੍ਰਾਂਟ ਪ੍ਰਦਾਨ ਕਰੇਗੀ। ਬਿੱਲ ਦਾ ਸਵਾਗਤ ਕਰਦੇ ਹੋਏ ਅਮਰੀਕਾ ਵਿਚ ਭਾਰਤ ਦੇ ਸਫੀਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਹ ਭਾਰਤ ਤੇ ਅਮਰੀਕਾ ਦੇ ਵਿਚਾਲੇ ਸੰਘਣੀ ਸੰਸਕ੍ਰਿਤੀ ਤੇ ਵਿਚਾਰਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੇਗਾ।