ਅਮਰੀਕਾ ਦੇ ਸ਼ਿਕਾਗੋ 'ਚ ਆਏ ਬਰਫੀਲੇ ਤੂਫਾਨ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ| ਵੱਡੀ ਪੱਧਰ ਤੇ ਹੋ ਰਹੀ ਬਰਫਬਾਰੀ ਕਾਰਨ ਲੋਕ ਆਪਣੇ ਘਰਾਂ 'ਚ ਰਹਿਣ ਲਈ ਮਜਬੂਰ ਹੋ ਗਏ ਹਨ। ਸ਼ਿਕਾਗੋ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਸ਼ੁੱਕਰਵਾਰ (17 ਜਨਵਰੀ) ਤੋਂ ਸਨਿੱਚਰਵਾਰ (18 ਜਨਵਰੀ) ਤੱਕ 1000 ਤੋਂ ਵੱਧ ਉਡਾਨਾਂ ਰੱਦ ਕੀਤੀਆਂ ਹਨ।

ਬਰਫੀਲੇ ਤੂਫਾਨ ਕਾਰਨ ਸ਼ਿਕਾਗੋ ਦੇ ਤਿੰਨ ਹਵਾਈ ਅੱਡਿਆਂ ਦੇ ਰਨਵੇਅ ਅਤੇ ਟੈਕਸੀ ਵੇਅ ਦੋਹਾਂ 'ਤੇ ਭਾਰੀ ਬਰਫ ਜਮਾਂ ਹੋ ਚੁੱਕੀ ਹੈ। ਇਸ ਕਾਰਨ ਹਵਾਈ ਸੇਵਾ ਪ੍ਰਭਾਵਿਤ ਹੋ ਰਹੀ ਹੈ। ਸ਼ਿਕਾਗੋ ਦੇ ਸਭ ਤੋਂ ਵੱਡੇ ਓ ਹਾਰੇ ਏਅਰਪੋਰਟ 'ਤੇ 950 ਅਤੇ ਮਿਡਵੇ ਏਅਰਪੋਰਟ 'ਤੇ 50 ਉਡਾਨਾਂ ਰੱਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕਈ ਉਡਾਨਾਂ ਦੇ ਰਸਤੇ ਬਦਲੇ ਗਏ ਹਨ।

ਤੂਫਾਨ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਕਰਕੇ ਸੈਂਕੜੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗਿਣਤੀ 'ਚ ਯਾਤਰੀ ਹਵਾਈ ਅੱਡਿਆਂ 'ਤੇ ਫਸੇ ਹੋਏ ਹਨ। ਹਾਲਾਂਕਿ, ਸ਼ੁੱਕਰਵਾਰ (17 ਜਨਵਰੀ) ਰਾਤ 9.45 ਵਜੇ ਟ੍ਰੈਫਿਕ ਨੂੰ ਥੋੜ੍ਹੀ ਦੇਰ ਲਈ ਬਹਾਲ ਕੀਤਾ ਗਿਆ ਸੀ, ਪਰ ਸੈਂਕੜੇ ਉਡਾਨਾਂ ਨੂੰ ਸ਼ਨੀਵਾਰ ਸਵੇਰ ਤੱਕ ਰੱਦ ਕਰਨਾ ਪਿਆ ਸੀ।
ਸ਼ਿਕਾਗੋ ਹਵਾਬਾਜ਼ੀ ਵਿਭਾਗ ਦਾ ਕਹਿਣਾ ਹੈ ਕਿ ਓ ਹਾਰੇ ਏਅਰਪੋਰਟ 'ਤੇ 200 ਤੋਂ ਵੱਧ ਬਰਫ ਹਟਾਉਣ ਦੇ ਉਪਕਰਣ ਅਤੇ 500 ਮੋਟਰ ਟਰੱਕ ਲਗਾਏ ਗਏ ਹਨ। ਵਿਭਾਗ ਦੇ ਅਨੁਸਾਰ ਦੋਵਾਂ ਹਵਾਈ ਅੱਡਿਆਂ 'ਤੇ 13,000 ਟਨ ਲੂਣ, 2,60,000 ਗੈਲਨ ਤਰਲ ਪਦਾਰਥ ਅਤੇ 100 ਟਨ ਠੋਸ ਡੇਸਰ ਦੀ ਵਰਤੋਂ ਰੈਨਵੇਅ, ਟੈਕਸੀਵੇਅ 'ਤੇ ਕੀਤੀ ਜਾ ਰਹੀ ਹੈ।
ਬਰਫੀਲੇ ਤੂਫਾਨ ਕਾਰਨ ਮਿਡਵੈਸਟ 'ਚ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਸਰਕਾਰੀ ਦਫਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਹਵਾਈ ਅੱਡਿਆਂ ਤੋਂ ਸਾਰੀਆਂ ਉਡਾਨ ਸੇਵਾਵਾਂ 'ਤੇ ਕਈ ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਸ਼ੁੱਕਰਵਾਰ (17 ਜਨਵਰੀ) ਨੂੰ ਡੈਲਟਾ ਏਅਰਲਾਈਨ ਦਾ ਜਹਾਜ਼ ਬਰਫ ਦੇ ਕਾਰਨ ਕੰਸਾਸ ਸਿਟੀ ਕੌਮਾਂਤਰੀ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋ ਗਿਆ ਸੀ।