ਸਵੀਡਨ ਦੇ ਲਿੰਕੋਪਿੰਗ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਧਮਾਕੇ ਨਾਲ ਆਹਮਣੇ ਸਾਹਮਣੇ ਦੀਆਂ ਦੋ ਇਮਾਰਤਾਂ ਨੂੰ ਨੁਕਸਾਨ ਪੁੱਜਾ ਜਦਕਿ 25 ਲੋਕ ਮਾਮੂਲੀ ਜ਼ਖ਼ਮੀ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਪੁਲਿਸ ਨੇ ਦੱਸਿਆ ਕਿ ਸਟਾਕਹੋਮ ਤੋਂ ਲਗਭਗ 175 ਕਿਲੋਮੀਟਰ ਦੂਰ ਦੱਖਣ-ਪੱਛਮ ਵਿੱਚ ਲਿੰਕੋਪਿੰਗ ਸ਼ਹਿਰ ਦੇ ਮੱਧ ਵਿੱਚ ਇਸ ਧਮਾਕੇ ਨਾਲ ਇਮਾਰਤਾਂ ਦੀਆਂ ਦਰਜਨਾਂ ਖਿੜਕੀਆਂ ਅਤੇ ਬਾਲਕੋਨੀਆਂ ਢਹਿ ਗਈਆਂ। ਇਕ ਇਮਾਰਤ ਵਿੱਚ ਪੰਜ ਮੰਜ਼ਲਾਂ ਹਨ ਜਦਕਿ ਦੂਜੀ ਚਾਰ ਮੰਜ਼ਲੀ ਹੈ।
ਪੁਲਿਸ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਚੌਕਸੀ ਵਜੋਂ ਇੱਕ ਬੰਬ ਰੋਕੂ ਦਸਤਾ ਤੈਨਾਤ ਕੀਤਾ ਹੈ। ਇਹ ਧਮਾਕਾ ਸਥਾਨਕ ਸਮੇਂ ਅਨੁਸਾਰ ਲਗਭਗ 3 ਵਜੇ ਸ਼ਾਮ ਨੂੰ ਹੋਇਆ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਬੁਲਾਰੇ ਜੋਰਨ ਓਬਰਗ ਨੇ ਕਿਹਾ ਕਿ ਫਿਲਹਾਲ, ਇਹ ਵਿਸ਼ਵਾਸ ਕਰਨ ਲਈ ਸਾਡੇ ਕੋਲ ਕੋਈ ਸੂਚਨਾ ਨਹੀਂ ਹੈ ਕਿ ਇਹ ਅੱਤਵਾਦੀ ਘਟਨਾ ਸੀ।