ਬੋਰਿਸ ਜਾਨਸਨ ਨੂੰ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਇਹ ਜਾਣਕਾਰੀ ਬ੍ਰਿਟਿਸ਼ ਮੀਡੀਆ ਦੇ ਹਵਾਲੇ ਨਾਲ ਏਐਨਆਈ ਨੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੇਰੇਸਾ ਮੇ ਦੀ ਥਾਂ ਲੈਣ ਦੀ ਦੌੜ ਵਿੱਚ ਦੋ ਸ਼ਖ਼ਸੀਅਤਾਂ ਮੈਦਾਨ ਵਿੱਚ ਸਨ। ਇਸ ਵਿੱਚ ਲੰਦਨ ਦੇ ਸਾਬਕਾ ਮੇਅਰ ਬੋਰਿਸ ਜਾਨਸਨ ਅਤੇ ਵਿਦੇਸ਼ ਮੰਤਰੀ ਜੇਰੇਮੀ ਹੰਟ ਦਾ ਨਾਮ ਸਭ ਤੋਂ ਉਪਰ ਸੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਤੀਜੇ ਆਉਣ ਤੋਂ ਪਹਿਲਾਂ ਇੱਕ ਸਰਵੇਖਣ ਕਰਵਾਇਆ ਗਿਆ ਸੀ। ਇਸ ਅਨੁਸਾਰ ਬੋਰਿਸ ਜਾਨਸਨ ਨੂੰ 74 ਫ਼ੀਸਦੀ ਜਦਕਿ ਜੇਰੇਮੀ ਹੰਟ ਨੂੰ 26 ਫ਼ੀਸਦੀ ਮੈਂਬਰਾਂ ਨੇ ਪਸੰਦ ਕੀਤਾ ਸੀ। ਬੋਰਿਸ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਲੈਣਗੇ।
ਦੱਸਣਯੋਗ ਹੈ ਕਿ ਜਾਨਸਨ ਦਾ ਨਾਮ ਬ੍ਰਿਟੇਨ ਦੇ ਸੰਭਾਵਿਤ ਪ੍ਰਧਾਨ ਮੰਤਰੀ ਦੀ ਸੂਚੀ ਵਿੱਚ ਸਭ ਤੋਂ ਉਪਰ ਸੀ। ਬ੍ਰਿਟੇਨ ਦੀ ਸੰਸਦ ਨੇ ਦੇਸ਼ ਦੇ ਉੱਤਰੀ ਆਇਰਲੈਂਡ ਅਤੇ ਯੂਰਪੀ ਯੂਨੀਅਨ ਦੇ ਮੈਂਬਰ ਆਇਰਲੈਂਡ ਵਿਚਕਾਰ ਖੁੱਲ੍ਹੀ ਹੱਦ ਯਕੀਨੀ ਬਣਾਉਣ ਲਈ ਕਦਮ ਦੇ ਮੁੱਦੇ 'ਤੇ ਟੇਰੇਸਾ ਮੇ ਦੀ ਸਹਿਮਤੀ ਵਾਲੇ ਸਮਝੌਤੇ ਨੂੰ ਪੱਕੇ ਤੌਰ ਉੱਤੇ ਰੱਦ ਕਰ ਦਿੱਤਾ ਸੀ।