ਦੁਨੀਆਂ ਭਰ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 68,79,502 ਤਕ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 3,98,737 ਹੋ ਗਿਆ ਹੈ। ਇਸ ਦੌਰਾਨ ਅਮਰੀਕਾ ਤੋਂ ਬਾਅਦ ਮਹਾਂਮਾਰੀ ਦਾ ਕੇਂਦਰ ਬਣਦੇ ਜਾ ਰਹੇ ਬ੍ਰਾਜ਼ੀਲ ਨੇ ਵੀ ਵਿਸ਼ਵ ਸਿਹਤ ਸੰਗਠਨ (ਡਬਲਿਯੂਐਚਓ) ਉੱਤੇ ਪੱਖਪਾਤੀ ਅਤੇ ਸਿਆਸੀ ਹੋਣ ਦਾ ਦੋਸ਼ ਲਾਉਂਦਿਆਂ ਖੁਦ ਨੂੰ ਇਸ 'ਚੋਂ ਬਾਹਰ ਕੱਢੇ ਜਾਣ ਦੀ ਧਮਕੀ ਦਿੱਤੀ ਹੈ। ਦੱਸ ਦੇਈਏ ਕਿ ਬ੍ਰਾਜ਼ੀਲ 'ਚ ਮਰਨ ਵਾਲਿਆਂ ਦੀ ਗਿਣਤੀ 35,000 ਨੂੰ ਪਾਰ ਕਰ ਗਈ ਹੈ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਏਰ ਬੋਲਸੋਨਾਰੋ ਨੇ ਕਿਹਾ ਹੈ ਕਿ ਜਦੋਂ ਤਕ ਡਬਲਿਯੂਐਚਓ ਪੱਖਪਾਤੀ ਰਵੱਈਆ ਨਹੀਂ ਛੱਡਦਾ, ਉਨ੍ਹਾਂ ਦਾ ਦੇਸ਼ ਇਸ ਵਿਸ਼ਵ ਸੰਗਠਨ ਨਾਲ ਸਬੰਧ ਤੋੜਨ ਬਾਰੇ ਵਿਚਾਰ ਕਰੇਗਾ। ਦੱਸ ਦੇਈਏ ਕਿ ਇਹ ਉਹੀ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਸੂਬਿਆਂ ਵੱਲੋਂ ਲਗਾਏ ਗਏ ਲੌਕਡਾਊਨ ਦਾ ਵਿਰੋਧ ਕਰਦਿਆਂ ਇਸ ਨੂੰ ਖੋਲ੍ਹਣ 'ਚ ਅਹਿਮ ਭੂਮਿਕਾ ਨਿਭਾਈ ਸੀ।
ਉੱਧਰ ਡਬਲਿਯੂਐਚਓ ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਜੈਨੇਵਾ 'ਚ ਕਿਹਾ ਕਿ ਲੈਟਿਨ ਅਮਰੀਕਾ 'ਚ ਮਹਾਂਮਾਰੀ ਦਾ ਕਹਿਰ ਗੰਭੀਰ ਹੁੰਦਾ ਜਾ ਰਿਹਾ ਹੈ। ਇੱਕ ਜਾਣਕਾਰੀ ਦੇ ਅਨੁਸਾਰ ਲੈਟਿਨ ਅਮਰੀਕਾ ਸਮੇਤ ਪੱਛਮੀ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਏਸ਼ੀਆ 'ਚ ਮਹਾਂਮਾਰੀ ਦਾ ਕਾਫ਼ੀ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਬ੍ਰਾਜ਼ੀਲ ਵਿੱਚ ਪਿਛਲੇ ਚਾਰ ਦਿਨਾਂ 'ਚ 1 ਲੱਖ ਕੋਰੋਨਾ ਲਾਗ ਦੇ ਮਾਮਲੇ ਵਧੇ ਹਨ, ਜਦਕਿ ਮੈਕਸੀਕੋ 'ਚ ਇੱਕ ਦਿਨ 'ਚ 4000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹੁਣ ਜਦੋਂ ਇਹ ਮਹਾਂਮਾਰੀ ਲੈਟਿਨੀ ਅਮਰੀਕਾ ਅਤੇ ਅਫ਼ਰੀਕਾ ਵਰਗੇ ਦੇਸ਼ਾਂ ਵਿੱਚ ਫੈਲ ਰਹੀ ਹੈ, ਉਦੋਂ ਯੂਰਪੀਅਨ ਦੇਸ਼ਾਂ ਨੇ ਇਸ ਨੂੰ ਕਾਫ਼ੀ ਹੱਦ ਤਕ ਕਾਬੂ ਕਰ ਲਿਆ ਹੈ। ਫਿਨਲੈਂਡ 'ਚ ਕੋਰੋਨਾ ਖ਼ਤਮ ਹੋਣ ਕੰਢੇ ਹੈ। ਨਿਊਜ਼ੀਲੈਂਡ ਵਿੱਚ ਲਗਾਤਾਰ 14ਵੇਂ ਦਿਨ ਕੋਈ ਕੇਸ ਨਹੀਂ ਆਇਆ ਹੈ। ਇਟਲੀ, ਸਪੇਨ ਤੇ ਬ੍ਰਿਟੇਨ ਵਿੱਚ ਨਵੇਂ ਕੇਸ ਸਾਹਮਣੇ ਆਉਣੇ ਘੱਟ ਹੋ ਗਏ ਹਨ। ਯੂਰਪ 'ਚ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ 27 ਅਪ੍ਰੈਲ ਨੂੰ ਹੋਈਆਂ ਸਨ। ਇਸ ਦਿਨ ਇੱਥੇ 8,429 ਲੋਕਾਂ ਦੀ ਮੌਤ ਹੋਈ ਸੀ।