ਇਸ ਵੇਲੇ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪਾਕਿਸਤਾਨ ਸਰਕਾਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਖ਼ਰੀਦੀਆਂ 8 ਮੱਝਾਂ 23 ਲੱਖ ਦੋ ਹਜ਼ਾਰ ਰੁਪਏ `ਚ ਨੀਲਾਮ ਕਰ ਦਿੱਤੀਆਂ। ਜਦ ਤੋਂ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੱਤਾ ਸੰਭਾਲੀ ਹੈ, ਤਦ ਤੋਂ ਹੀ ਉਹ ਪਾਕਿਸਤਾਨ ਸਿਰ ਚੜ੍ਹੇ ਵੱਡੇ ਕਰਜਿ਼ਆਂ `ਤੇ ਚਿੰਤਾ ਪ੍ਰਗਟਾਉਂਦੇ ਆ ਰਹੇ ਹਨ। ਬੀਤੇ ਦਿਨੀਂ ਪ੍ਰਧਾਨ ਮੰਤਰੀ ਦਫ਼ਤਰ ਦੀਆਂ 61 ਲਗਜ਼ਰੀ ਕਾਰਾਂ ਵੀ 20 ਕਰੋੜ ਰੁਪਏ `ਚ ਵੇਚੀਆਂ ਗਈਆਂ ਸਨ।
ਇਮਰਾਨ ਖ਼ਾਨ ਸਰਕਾਰ ਦੀ ਯੋਜਨਾ 102 ਵਾਧੂ ਕਾਰਾਂ ਵੇਚਣ ਦੀ ਹੈ। ਬੁਲੇਟ-ਪਰੁਫ਼ ਵਾਹਨ ਤੇ ਚਾਰ ਹੈਲੀਕਾਪਟਰ ਵੀ ਵੇਚੇ ਜਾਣਗੇ।
ਇਹ ਵੀ ਪਤਾ ਲੱਗਾ ਹੈ ਕਿ ਇਹ ਮੱਝਾਂ ਨਵਾਜ਼ ਸ਼ਰੀਫ਼ ਦੇ ਹਮਾਇਤੀਆਂ ਨੇ ਖ਼ਰੀਦੀਆਂ ਹਨ। ਕਾਲਬ ਅਲੀ ਨਾਂਅ ਦੇ ਇੱਕ ਸਮਰਥਕ ਨੇ ਤਾਂ ਇੱਕ ਮੱਝ 3.85 ਲੱਖ ਰੁਪਏ ਦੀ ਖ਼ਰੀਦੀ ਹੈ। ਇਸ ਮੱਝ ਦੀ ਅਸਲ ਕੀਮਤ ਤਾਂ 1.20 ਲੱਖ ਰੁਪਏ ਸੀ ਪਰ ਉਸ ਨੇ ਕਿਹਾ ਕਿ ਉਹ ਇਹ ਮੱਝ ਤਿੱਨ-ਗੁਣਾ ਰਕਮ ਨਾਲ ਖ਼ਰੀਦੇਗਾ ਕਿਉਂਕਿ ਇਸ ਨਾਲ ਉਸ ਦੇ ਜਜ਼ਬਾਤ ਜੁੜੇ ਹੋਏ ਹਨ।
ਇੰਝ ਹੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਕਾਰਕੁੰਨ ਫ਼ਖ਼ਰ ਵੜੈਚ ਨੇ ਦੋ ਮੱਝਾਂ 2.15 ਲੱਖ ਰੁਪਏ ਅਤੇ 2.70 ਲੱਖ ਰੁਪਏ `ਚ ਖ਼ਰੀਦੀਆਂ ਹਨ। ਇੱਕ ਹੋਰ ਮੱਝ 1.82 ਲੱਖ ਰੁਪਏ `ਚ ਵਿਕੀ।
