ਦੁਨੀਆ ਭਰ ’ਚ ਇੰਟਰਨੈੱਟ ਉੱਤੇ ਸਨਸਨੀ ਫੈਲਾਉਣ ਵਾਲੀ ਮਸ਼ਹੂਰ ਬਿੱਲੀ ‘ਗ੍ਰੰਪੀ’ ਦੀ ਮੌਤ ਹੋ ਗਈ ਸੀ। ਉਹ ਸੱਤ ਸਾਲਾਂ ਦੀ ਸੀ। ਟਵਿਟਰ ਉੱਤੇ ਉਸ ਦੇ 15 ਲੱਖ ਤੋਂ ਵੱਧ ਫ਼ਾਲੋਅਰਜ਼ ਸਨ। ਏਰੀਜ਼ਨਾ ’ਚ ਰਹਿੰਦੀ ਉਸ ਦੀ ਮਾਲਕਣ ਨੇ ਟਵੀਟ ਕਰ ਕੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ।
ਇਸ ਸੁਪਰ ਕਿਊਟੀ ਬਿੱਲੀ ਦਾ ਅਸਲ ਨਾਂਅ ਟਾਰਡਰ ਸਾੱਸ ਸੀ ਪਰ ਉਹ ‘ਗ੍ਰੰਪੀ ਕੈਟ’ ਦੇ ਨਾਂਅ ਨਾਲ ਵੱਧ ਮਸ਼ਹੂਰ ਸੀ। ਉਸ ਨੂੰ ਸਾਲ 2012 ਦੌਰਾਨ ਵਧੇਰੇ ਹਰਮਨਪਿਆਰਤਾ ਮਿਲੀ ਸੀ; ਜਦੋਂ ਉਸ ਦੇ ਨਾਖ਼ੁਸ਼ ਹੋਣ ਦੀਆਂ ਤਸਵੀਰਾਂ ਇੰਟਰਨੈੱਟ ਉੱਤੇ ਆਈਆਂ ਸਨ।
ਉਸੇ ਵਰ੍ਹੇ ਗ੍ਰੰਪੀ ਦੇ ਇੱਕ ਵਿਡੀਓ ਨੂੰ ਯੂ–ਟਿਊਬ ਉੱਤੇ ਡੇਢ ਕਰੋੜ ਤੋਂ ਵੀ ਵੱਧ ਲੋਕਾਂ ਨੇ ਵੇਖਿਆ ਸੀ। ਬਿੱਲੀ ਦੇ ਫ਼ੇਸਬੁੱਕ ਉੱਤੇ 85 ਲੱਖ ਤੇ ਇੰਸਟਾਗ੍ਰਾਮ ਉੱਤੇ 25 ਲੱਖ ਪ੍ਰਸ਼ੰਸਕ ਸਨ। ਬਿੱਲੀ ਕੋਲ ਮੌਜੂਦ ਜਾਇਦਾਦ ਵੀ ਲਗਭਗ 700 ਕਰੋੜ ਦੀ ਮੰਨੀ ਜਾ ਰਹੀ ਹੈ। ਗ੍ਰੰਪੀ ਕਾਰਨ ਮਾਲਕਣ ਤਬਾਥਾ ਬੁੰਦਸੇਨ ਅਰਬਾਂ ਦੀ ਮਾਲਕਣ ਹੋ ਗਈ ਸੀ।
ਇਸ ਅਨੋਖੀ ਬਿੱਲੀ ਉੱਤੇ ਬਾਕਾਇਦਾ ਇੱਕ ਕਿਤਾਬ ਲਿਖੀ ਗਈ ਸੀ ਤੇ ਇੱਕ ਫ਼ਿਲਮ ਵੀ ਬਣਾਈ ਗਈ ਸੀ। ਸਟੈਨ ਲੀ ਅਤੇ ਜੈਨਿਫ਼ਰ ਲੋਪੇਜ਼ ਸਮੇਤ ਮਸ਼ਹੂਰ ਹਸਤੀਆਂ ਨਾਲ ਗ੍ਰੰਪੀ ਦੀਆਂ ਤਸਵੀਰਾਂ ਵੀ ਹਨ। ਬਿੱਲੀ ਦਾ ਇੱਕ ਵੱਡੇ ਡਾਕਟਰ ਤੋਂ ਇਲਾਜ ਕਰਵਾਇਆ ਜਾ ਰਿਹਾ ਸੀ ਪਰ ਇੱਕ ਇਨਫ਼ੈਕਸ਼ਨ ਕਾਰਨ 14 ਮਈ ਨੂੰ ਉਸ ਦੀ ਮੌਤ ਹੋ ਗਈ। ਸੋਸ਼ਲ ਮੀਡੀਆ ਉੱਤੇ ਬਹੁਤ ਲੋਕਾਂ ਨੇ ਉਸ ਨੂੰ ਭਾਵੁਕ ਸੰਦੇਸ਼ ਲਿਖ–ਲਿਖ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ।