ਦੱਖਣ ਅਮਰੀਕੀ ਦੇਸ਼ ਚਿਲੀ ਦੇ ਹਵਾਈ ਫੌਜ ਦਾ ਇੱਕ ਜਹਾਜ਼ ਮੰਗਲਵਾਰ ਸਵੇਰੇ ਗਾਇਬ ਹੋ ਗਿਆ। ਅੰਟਾਰਕਟਿਕਾ ਦੇ ਉੱਪਰ ਤੋਂ ਗੁਜ਼ਰ ਰਹੇ ਇਸ ਜਹਾਜ਼ 'ਚ ਕੁੱਲ 38 ਲੋਕ ਸਵਾਰ ਸਨ। ਚਿਲੀ ਹਵਾਈ ਫੌਜ ਨੇ ਕੌਮਾਂਤਰੀ ਏਜੰਸੀ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਚਿਲੀ ਹਵਾਈ ਫੌਜ ਦਾ ਜਿਹੜਾ ਜਹਾਜ਼ ਗਾਇਬ ਹੋਇਆ ਹੈ, ਉਹ C-130 ਹਰਕਿਊਲਿਸ ਹੈ, ਜੋ ਕਿ ਸੋਮਵਾਰ ਸ਼ਾਮ 4.55 ਵਜੇ ਦੱਖਣ ਚਿਲੀ ਦੇ ਪੁੰਤਾ ਏਰੀਨਾਸ ਤੋਂ ਰਵਾਨਾ ਹੋਇਆ ਸੀ। ਜਦੋਂ ਜਹਾਜ਼ ਸ਼ਾਮ 6.13 ਵਜੇ ਅੰਟਾਰਕਟਿਕਾ ਦੇ ਉੱਪਰੋਂ ਗੁਜ਼ਰ ਰਿਹਾ ਸੀ ਤਾਂ ਉਦੋਂ ਸੰਪਰਕ ਟੁੱਟ ਗਿਆ।
ਚਿਲੀ ਏਅਰਫੋਰਸ ਵੱਲੋਂ ਜਾਰੀ ਬਿਆਨ ਮੁਤਾਬਿਕ ਜਹਾਜ਼ 'ਚ ਕੁੱਲ 38 ਲੋਕ ਸਵਾਰ ਸਨ। ਇਸ 'ਚ 17 ਕਰੂ ਮੈਂਬਰ ਅਤੇ 21 ਮੁਸਾਫ਼ਰ ਸਨ। ਇਹ ਮੁਸਾਫ਼ਰ ਕੌਣ ਹਨ, ਇਸ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਸਮਾਚਾਰ ਏਜੰਸੀ ਰਾਇਟਰਸ ਮੁਤਾਬਿਕ ਇਹ ਜਹਾਜ਼ ਅੰਟਾਰਕਟਿਕਾ 'ਚ ਮੌਜੂਦ ਚਿਲੀ ਏਅਰਬੇਸ 'ਤੇ ਲੋਜਿਸਟਿਕ ਸਪੋਰਟ ਲਈ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਹਾਜ਼ ਗਾਇਬ ਹੋਣ ਦੀਆਂ ਕਈ ਅਜਿਹੀ ਘਟਨਾਵਾਂ ਹੋ ਚੁੱਕੀਆਂ ਹਨ। ਫਿਰ ਭਾਵੇਂ ਉਹ ਮਲੇਸ਼ੀਆ ਦੀ ਘਟਨਾ ਹੋਵੇ ਜਾਂ ਫਿਰ ਇੰਡੋਨੇਸ਼ੀਆ ਦੀ। ਇਸੇ ਸਾਲ ਭਾਰਤੀ ਹਵਾਈ ਫੌਜ ਦਾ ਵੀ ਇੱਕ ਜਹਾਜ਼ A-32 ਗਾਇਬ ਹੋ ਗਿਆ ਸੀ। ਜੂਨ 'ਚ ਅਸਾਮ ਦੇ ਜੋਰਹਾਟ ਏਅਰਬੇਸ ਤੋਂ ਉਡਾਨ ਭਰਨ ਤੋਂ ਬਾਅਦ ਅਰੁਣਾਂਚਲ ਪ੍ਰਦੇਸ਼ ਦੀ ਮੇਨਚੁਕਾ ਏਅਰਫੀਲਡ ਨਾਲ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ। ਇਸ ਜਹਾਜ਼ 'ਚ 13 ਲੋਕ ਸਵਾਰ ਸਨ।