ਚੀਨ ਵਿੱਚ ਇਸ ਸਾਲ ਦੇ ਸਭ ਤੋਂ ਸ਼ਕਤੀਸ਼ਾਲੀ ਚੱਕਰਵਾਤ 'ਲੇਕਿਮਾ' ਦੀ ਲਪੇਟ ਵਿੱਚ ਆਉਣ ਨਾਲ ਹੁਣ ਤੱਕ 49 ਲੋਕਾਂ ਦੀ ਜਾਨ ਜਾ ਚੁੱਕੀ ਹਨ ਅਤੇ 21 ਲੋਕ ਲਾਪਤਾ ਹਨ। 'ਲੇਕਿਮਾ' ਚੱਕਰਵਾਤ ਇਸ ਸਾਲ ਚੀਨ ਵਿੱਚ ਆਇਆ ਨੌਵਾਂ ਅਤੇ ਸਭ ਤੋਂ ਸ਼ਕਤੀਸ਼ਾਲੀ ਚੱਕਰਵਾਤ ਹੈ।
ਵੇਨਲਿੰਗ ਸਿਟੀ ਦੇ ਝੇਜਿਆਂਗ ਪ੍ਰਾਂਤ ਵਿੱਚ ਸ਼ਨੀਵਾਰ ਨੂੰ ਲੇਕਿਮਾ ਨੇ ਦੇਰ ਰਾਤ ਨੂੰ ਕਰੀਬ ਪੌਣੇ ਦੋ ਵਜੇ (ਸਥਾਨਕ ਸਮੇਂ ਅਨੁਸਾਰ) ਦਸਤਕ ਦਿੱਤੀ। ਇਸ ਦੌਰਾਨ, 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਜ਼ੋਰਦਾਰ ਬਾਰਿਸ਼ ਹੋਈ।
ਸਮਾਚਾਰ ਏਜੰਸੀ ਸਿਨਹੂਆ ਦੀ ਖ਼ਬਰ ਅਨੁਸਾਰ, ਚੱਕਰਵਾਤ ਕਾਰਨ ਸੋਮਵਾਰ ਰਾਤ ਤੱਕ 49 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਬਹੁਤ ਸਾਰੇ ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਨਾਲ ਤਕਰੀਬਨ 26 ਅਰਬ ਯੂਆਨ ਦਾ ਨੁਕਸਾਨ ਹੋਇਆ ਹੈ।
ਸੁਪਰ ਤੂਫਾਨ ਲੇਕਿਮਾ ਨਾਲ ਚੀਨ ਦੇ 89 ਲੱਖ 70 ਹਜ਼ਾਰ ਲੋਕ ਪ੍ਰਭਾਵਤ
ਚੀਨੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਵਿਭਾਗ ਤੋਂ ਮਿਲੀ ਖ਼ਬਰ ਅਨੁਸਾਰ ਸੋਮਵਾਰ ਸ਼ਾਮ 4 ਵਜੇ ਤੱਕ ਸੁਪਰ ਤੂਫਾਨ ਲੇਕੀਮਾ ਤੋਂ ਚ ਚਿਆਂਗ, ਸ਼ੰਘਾਈ, ਚਿਆਂਗ ਸੂ, ਇਕ ਹਵੀ, ਸ਼ਾਨ ਤੁੰਗ, ਫੂ ਚੀ, ਹ ਬੇਈ, ਲਾਓ ਨਿੰਗ ਅਤੇ ਚੀ ਲਿਨ ਸਣੇ 9 ਸੂਬਿਆਂ ਅਤੇ ਸ਼ਹਿਰਾਂ ਵਿੱਚ 89 ਲੱਖ 70 ਹਜ਼ਾਰ ਲੋਕ ਪ੍ਰਭਾਵਤ ਹੋਏ। 17 ਲੱਖ 13 ਹਜ਼ਾਰ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਉੱਤੇ ਭੇਜਿਆ ਗਿਆ ਪਰ ਇਨ੍ਹਾਂ ਵਿਚੋਂ 13 ਲੱਖ 88 ਹਜ਼ਾਰ ਲੋਕ ਆਪਣੇ ਘਰਾਂ ਨੂੰ ਪਰਤ ਆਏ ਹਨ।