ਕੋਰੋਨਾ ਵਾਇਰਸ ਨਾਲ ਨਜਿੱਠਣ 'ਚ ਚੀਨ ਦੀ ਸਰਕਾਰ ਅਸਫਲ ਰਹੀ ਹੈ। ਇਸ ਵਾਇਰਸ ਤੋਂ ਬਚਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਵਾਇਰਸ ਘੱਟ ਨਹੀਂ ਹੋ ਰਿਹਾ ਹੈ। ਚੀਨ 'ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੋਮਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 900 ਨੂੰ ਪਾਰ ਕਰ ਗਈ। ਕੋਰੋਨਾ ਵਾਇਰਸ ਪੀੜਤਾਂ ਦੇ ਮਾਮਲੇ 40 ਹਜ਼ਾਰ ਤੋਂ ਵੱਧ ਹੋ ਗਏ ਹਨ। ਐਤਵਾਰ ਨੂੰ 97 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦਕਿ 3062 ਨਵੇਂ ਮਾਮਲੇ ਸਾਹਮਣੇ ਆਏ ਸਨ।
ਇਸ ਵਿਚਕਾਰ ਕਈ ਖਬਰਾਂ ਆ ਰਹੀਆਂ ਹਨ ਕਿ ਚੀਨ ਦੀ ਸਰਕਾਰ ਕੋਰੋਨਾ ਵਾਇਰਸ ਦੀ ਸੱਚਾਈ ਲੁਕੋ ਰਹੇ ਹੈ। ਕੁਝ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਮੌਤ ਅਤੇ ਵਾਇਰਸ ਪੀੜਤਾਂ ਦੀ ਗਿਣਤੀ ਅਸਲ ਨਾਲੋਂ ਬਹੁਤ ਵੱਧ ਹੈ। ਇਸ ਨੂੰ ਚੀਨੀ ਸਰਕਾਰ ਜਾਣਬੁੱਝ ਕੇ ਘੱਟ ਦੱਸ ਰਹੀ ਹੈ। ਕੋਰੋਨਾ ਵਾਇਰਸ ਦੀ ਸੱਚਾਈ ਦੱਸਣ ਵਾਲੇ ਲੋਕ ਗਾਇਬ ਹੋ ਰਹੇ ਹਨ। ਪਿਛਲੇ ਹਫਤੇ ਹੀ ਸੱਭ ਤੋਂ ਪਹਿਲੀ ਵਾਰ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦੇਣ ਵਾਲੇ ਡਾਕਟਰ ਲੀ ਵੇਨਲਿਆਂਗ ਦੀ ਮੌਤ ਹੋ ਗਈ। ਹੁਣ ਇਸ ਵਾਇਰਸ ਅਤੇ ਉਸ ਦੇ ਪੀੜਤਾਂ ਦੀ ਗਿਣਤੀ ਦੱਸਣ ਵਾਲੇ ਇੱਕ ਚੀਨੀ ਨਾਗਰਿਕ ਪੱਤਰਕਾਰ ਚੇਨ ਕੁਸ਼ੀ ਗਾਇਬ ਹਨ। ਚੇਨ ਕੁਸ਼ੀ ਦੇ ਗਾਇਬ ਹੋਣ ਦਾ ਮਾਮਲਾ ਸ਼ੱਕੀ ਬਣ ਗਿਆ ਹੈ।
ਅਸਲ ਵਿਚ ਬੀਤੇ ਕੁਝ ਹਫਤਿਆਂ ਤੋਂ ਚੀਨੀ ਨਾਗਰਿਕ ਪੱਤਰਕਾਰ ਚੇਨ ਕੁਸ਼ੀ ਅਤੇ ਫੇਂਗ ਬਿਨ ਵੁਹਾਨ ਸ਼ਹਿਰ ਤੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਸਬੰਧੀ ਖਬਰਾਂ ਦੁਨੀਆ ਭਰ 'ਚ ਪਹੁੰਚਾ ਰਹੇ ਹਨ। ਉਹ ਆਪਣੇ ਮੋਬਾਈਲ ਫੋਨ ਜ਼ਰੀਏ ਦੁਨੀਆ ਨੂੰ ਦੱਸ ਰਹੇ ਹਨ ਕਿ ਇਸ ਗੰਭੀਰ ਬੀਮਾਰੀ ਕਾਰਨ ਕਿਸ ਤਰ੍ਹਾਂ ਦੇ ਮੁਸ਼ਕਲ ਹਾਲਾਤ ਪੈਦਾ ਹੋ ਗਏ ਹਨ। ਉਨ੍ਹਾਂ ਵੱਲੋਂ ਜਾਰੀ ਕੁਝ ਵੀਡੀਓਜ਼ ਨੂੰ ਟਵਿੱਟਰ 'ਤੇ ਪੋਸਟ ਕੀਤਾ ਗਿਆ ਹੈ ਪਰ ਹੁਣ ਚੇਨ ਕੁਸ਼ੀ ਅਚਾਨਕ ਲਾਪਤਾ ਹੋ ਗਏ ਹਨ।
ਚੇਨ 50 ਘੰਟੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਪਹੁੰਚ ਤੋਂ ਬਾਹਰ ਹਨ। ਫੇਂਗ ਵੀ ਸ਼ੁੱਕਰਵਾਰ ਸ਼ਾਮ ਤੱਕ ਇਕ ਵੀਡੀਓ ਪੋਸਟ ਕਰਨ ਤੱਕ ਚੁੱਪ ਸਨ। ਉਨ੍ਹਾਂ ਨੂੰ ਇਕ ਹਸਪਤਾਲ ਵਿਚ ਲਾਸ਼ਾਂ ਦੇ ਵੀਡੀਓਜ਼ ਬਣਾਉਣ ਕਾਰਨ ਅਧਿਕਾਰੀਆਂ ਨੇ ਥੋੜੇ ਸਮੇਂ ਲਈ ਹਿਰਾਸਤ ਵਿੱਚ ਲਿਆ ਸੀ। ਖਤਰਨਾਕ ਵਾਇਰਸ ਤੋਂ ਬਚਣ ਵਾਲੇ ਸੂਟ ਪਹਿਨੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਏਕਾਂਤ ਜਗ੍ਹਾ ਵਿੱਚ ਲਿਜਾਣ ਲਈ ਉਨ੍ਹਾਂ ਦੇ ਅਪਾਰਟਮੈਂਟ ਦੇ ਦਰਵਾਜੇ ਨੂੰ ਤੋੜ ਦਿੱਤਾ ਸੀ। ਇਸ ਦੇ ਬਾਅਦ ਸੈਂਕੜੇ ਲੋਕਾਂ ਨੇ ਕੁਮੈਂਟ ਕਰ ਕੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਸੀ।
ਉਨ੍ਹਾਂ ਦੀਆਂ ਪੋਸਟਾਂ ਅਮਰੀਕੀ ਪਲੇਟਫਾਰਮਾਂ 'ਤੇ ਵਾਇਰਲ ਹੋਈਆਂ। ਚੀਨ ਦੇ ਇੰਟਰਨੈੱਟ ਵਾਚਡੌਗ ਨੇ ਆਪਣੀਆਂ ਪੁਲਿਸ ਕੋਸ਼ਿਸ਼ਾਂ ਨੂੰ ਤੇਜ਼ ਕਰਦੇ ਹੋਏ ਬੀਤੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਵੀਬੋ, ਟੈਸੇਂਟ ਦੇ ਵੀਚੈਟ ਅਤੇ ਬਾਈਟਡਾਂਸ ਦੇ ਡੋਯੇਨ ਸਮੇਤ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਜ਼ਰ ਰੱਖ ਰਹੇ ਹਨ। ਰੈਗੁਲੇਟਰ ਨੇ ਪਹਿਲਾਂ ਹੀ ਕਈ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਫ੍ਰੀਜ਼ ਕਰ ਦਿੱਤਾ ਹੈ।