ਅਮਰੀਕਾ ਦੇ ਇੱਕ ਸੀਨੀਅਰ ਸੈਨੇਟਰ ਨੇ ਕਿਹਾ ਹੈ ਕਿ ਉਹ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਅਕਾਲ ਤਖਤ ਦੇ ਜਥੇਦਾਰ ਨੂੰ ਅਮਰੀਕੀ ਕਾਂਗਰਸ ਦੇ ਮਤੇ ਦੀ ਇਕ ਵਿਸ਼ੇਸ਼ ਕਾਪੀ ਭੇਜ ਰਹੇ ਹਨ।
ਅਮਰੀਕੀ ਸੈਨੇਟ 'ਚ ਬੀਤੀ 14 ਨਵੰਬਰ ਨੂੰ ਸਰਬਸਮੰਤੀ ਨਾਲ ਪਾਸ ਹੋਏ ਇਸ ਮਤੇ 'ਚ ਅਮਰੀਕਾ ਵਿੱਚ ਸਿੱਖਾਂ ਯੋਗਦਾਨ, ਬਲਿਦਾਨ ਤੇ ਦੇਸ਼ ਅਤੇ ਦੁਨੀਆਭਰ 'ਚ ਉਨ੍ਹਾਂ ਦੇ ਨਾਲ ਹੋਏ ਭੇਦਭਾਵ ਨੂੰ ਰੇਖਾਂਕਿਤ ਕੀਤਾ ਗਿਆ ਹੈ। ਇਸ ਮਤੇ ਨੂੰ ਸੈਨੇਟਰ ਟਾਡ ਯੰਗ ਤੇ ਬੇਨ ਕਾਰਡਿਨ ਵਲੋਂ ਪੇਸ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸੈਨੇਟਰ ਯੰਗ ਨੇ ਮਤਾ ਪੇਸ਼ ਕਰਦਿਆਂ ਕਿਹਾ ਸੀ ਕਿ ਇਹ ਪ੍ਰਸਤਾਵ ਅਮਰੀਕੀ ਸਿੱਖਾਂ ਦਾ ਸਨਮਾਨ ਕਰਦਾ ਹੈ, ਜੋ ਸਾਡੇ ਰਾਸ਼ਟਰ ਦੀ ਸੰਸਕ੍ਰਿਤੀ ਤੇ ਵਿਭਿੰਨਤਾ ਦਾ ਅਨਿੱਖੜਵਾਂ ਹਿੱਸਾ ਹਨ। ਉਨ੍ਹਾਂ ਕਿਹਾ ਸੀ ਕਿ ਇੰਡੀਆਨਾ 10 ਹਜ਼ਾਰ ਤੋਂ ਜ਼ਿਆਦਾ ਸਿੱਖਾਂ ਦਾ ਘਰ ਹਨ ਅਤੇ ਮੈਂ ਉਨ੍ਹਾਂ ਦੇ ਸਮਨਾਮ 'ਚ ਪਹਿਲਾ ਪ੍ਰਸਤਾਵ ਪੇਸ਼ ਕਰਨ 'ਤੇ ਮਾਣ ਮਹਿਸੂਸ ਕਰ ਰਿਹਾਂ ਹਾਂ। ਇਹ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਦੇ ਯੋਗਦਾਨ ਨਾਲ ਹੋਜ਼ਿਅਰ ਭਾਈਚਾਰਾ ਖੁਸ਼ਹਾਲ ਹੋਇਆ।
ਸਿੱਖਾਂ ਪ੍ਰਤੀ ਸਨਮਾਨ ਵਿਅਕਤ ਕਰਦੇ ਹੋਏ ਮਤੇ 'ਚ ਅਮਰੀਕਾ ਤੇ ਵਿਸ਼ਵਭਰ ਦੇ ਸਿੱਖਾਂ ਦੇ ਨਾਲ ਹੋਏ ਭੇਦਭਾਵ ਦਾ ਵੀ ਜ਼ਿਕਰ ਕੀਤਾ ਗਿਆ। ਕਾਰਡਿਨ ਨੇ ਸਿੱਖਾਂ ਦਾ ਉਨ੍ਹਾਂ ਦੇ ਸਮਾਜਿਕ, ਸੰਸਕ੍ਰਿਤਿਕ ਤੇ ਆਰਥਿਕ ਖੇਤਰ 'ਚ ਯੋਗਦਾਨ ਤੇ ਉਨ੍ਹਾਂ ਦੇ ਤੇ ਹੋਰ ਭਾਈਚਾਰਿਆਂ ਦੇ ਖਿਲਾਫ ਹੋਏ ਨਸਲੀ ਤੇ ਧਾਰਮਿਕ ਭੇਦਭਾਵ ਦੇ ਖਿਲਾਫ ਖੜ੍ਹੇ ਹੋਣ ਦੇ ਉਨ੍ਹਾਂ ਦੇ ਸਾਹਸ ਦੀ ਸ਼ਲਾਘਾ ਕੀਤੀ।
ਸੈਨੇਟਰਾਂ ਨੇ ਆਪਣੇ ਪ੍ਰਸਤਾਵ 'ਚ ਚਾਰ ਮਹਾਨ ਸਿੱਖਾਂ ਦੇ ਅਮਰੀਕਾ 'ਚ ਯੋਗਦਾਨ ਦਾ ਜ਼ਿਕਰ ਵੀ ਕੀਤਾ ਸੀ। ਇਨ੍ਹਾਂ 'ਚੋਂ ਪਹਿਲੇ ਏਸ਼ੀਆਈ-ਅਮਰੀਕੀ ਸੰਸਦ ਮੈਂਬਰ ਦਿਲੀਪ ਸਿੰਘ ਸੌਂਦ ਹਨ, ਜਿਨ੍ਹਾਂ ਨੂੰ 1957 'ਚ ਅਹੁਦੇ 'ਤੇ ਚੁਣਿਆ ਗਿਆ ਸੀ। 'ਫਾਈਬਰ ਆਪਟਿਕਸ' ਦੇ ਆਵਿਸ਼ਕਾਰਕ ਡਾ. ਨਰਿੰਦਰ ਕਪਾਨੀ, ਅਮਰੀਕਾ 'ਚ ਆਡੂ ਦੇ ਸਭ ਤੋਂ ਵੱਡੇ ਉਤਪਾਦਕ ਦੀਨਾਰ ਸਿੰਘ ਬੈਂਸ ਤੇ 'ਰੋਜਾ ਪਾਰਕਸ ਟ੍ਰੇਲਬਲੇਜ਼ਰ' ਪੁਰਸਕਾਰ ਵਿਜੇਤਾ ਗੁਰਿੰਦਰ ਸਿੰਘ ਖਾਲਸਾ ਸ਼ਾਮਲ ਹਨ। ਵਿਸ਼ਵ ਯੁੱਧ ਦੌਰਾਨ ਅਮਰੀਕਾ ਨੂੰ ਆਪਣੀ ਸੇਵਾ ਦੇਣ ਵਾਲੇ ਭਗਤ ਸਿੰਘ ਥਿੰਦ ਦੀ ਵੀ ਪ੍ਰਸਤਾਵ 'ਚ ਸ਼ਲਾਘਾ ਕੀਤੀ ਗਈ ਹੈ।
ਸੈਨੇਟਰ ਟਾਡ ਯੰਗ ਨੇ ਕਿਹਾ, "ਅਸੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਮਤੇ ਦੀ ਇੱਕ ਕਾਪੀ ਭੇਜ ਰਹੇ ਹਾਂ।" ਉਨ੍ਹਾਂ ਕਿਹਾ ਕਿ ਉਹ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਤੇ ਮਨੋਹਰ ਲਾਲ ਖੱਟਰ ਨੂੰ ਵੀ ਮਤੇ ਦੀ ਕਾਪੀ ਭੇਜ ਰਹੇ ਹਨ।