ਅਮਰੀਕਾ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ ਇਸ ਵਿਕਸਤ ਦੇਸ਼ ’ਚ ਇਸ ਵਾਇਰਸ ਨੇ 1,607 ਜਾਨਾਂ ਲੈ ਲਈਆਂ ਹਨ। ਇਕੱਲੇ ਸ਼ੁੱਕਰਵਾਰ ਨੂੰ 345 ਮੌਤਾਂ ਹੋਈਆਂ ਹਨ। ਇਸ ਵੇਲੇ ਅਮਰੀਕਾ ’ਚ ਕੋਰੋਨਾ–ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵਧ ਕੇ 1 ਲੱਖ 2 ਹਜ਼ਾਰ ਤੋਂ ਵੀ ਵੱਧ ਹੋ ਗਈ ਹੈ।
ਚੀਨ ਤੋਂ ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ ਨੇ ਸੱਚਮੁਚ ਕਹਿਰ ਹੀ ਮਚਾਇਆ ਹੋਇਆ ਹੈ। ਅਮਰੀਕਾ ’ਚ ਹਾਲਾਤ ਦਿਨੋਂ–ਦਿਨ ਭਿਆਨਕ ਹੁੰਦੇ ਜਾ ਰਹੇ ਹਨ। ਦੇਸ਼ ਵਿੱਚ ਇੱਕੋ–ਦਿਨ ’ਚ 18,000 ਮਾਮਲੇ ਸਾਹਮਣੇ ਆਏ ਹਨ। ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੇ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧਣ ਦਾ ਕਾਰਨ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨਾ ਦੱਸਿਆ ਹੈ।
ਉੱਧਰ ਭਾਰਤੀ ਦੂਤਾਵਾਸ ਨੇ ਕੋਰੋਨਾ ਕਾਰਨ ਘਰਾਂ ’ਚ ਕੈਦ ਲੱਖਾਂ ਅਮਰੀਕਨਾਂ ਨੂੰ ਮੁਫ਼ਤ ਆੱਨਲਾਈਨ ਯੋਗਾ–ਕਲਾਸਾਂ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕੀਤਾ ਕਿ ਕਲਾਸਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸ਼ਾਮੀਂ 5:00 ਵਜੇ ਦਿੱਤੀਆਂ ਜਾਣਗੀਆਂ।
ਕੋਰੋਨਾ ਵਾਇਰਸ ਭਾਵ ਕੋਵਿਡ–19 ਕਾਰਨ ਅਮਰੀਕਾ ’ਚ ਬੇਰੁਜ਼ਗਾਰਾਂ ਦੀ ਫ਼ੌਜ ਖੜ੍ਹੀ ਹੋ ਗਈ ਹੈ; ਜਿਸ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਦਾ 38 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਅਮਰੀਕਾ ’ਚ ਵਾਇਰਸ ਕਾਰਨ ਲੌਕਡਾਊਨ ਹੈ। ਬੇਰੁਜ਼ਗਾਰੀ ਭੱਤੇ ਦੇ ਦਾਅਵਿਆਂ ਵਿੱਚ 1,000 ਫ਼ੀ ਸਦੀ ਦਾ ਵਾਘਾ ਹਰ ਅਮਰੀਕੀ ਸੂਬੇ ਦੇ ਕਿਰਤ ਵਿਭਾਗ ’ਚ ਹੋਇਆ ਹੈ। ਇਸੇ ਲਈ ਬੇਰੁਜ਼ਗਾਰੀ ਭੱਤੇ ਦੇ ਦਾਅਵਿਆਂ ਦਾ ਜਿਵੇਂ ਹੜ੍ਹ ਜਿਹਾ ਆ ਗਿਆ ਹੈ।
ਅਮਰੀਕੀ ਮਹਾਂਨਗਰ ਨਿਊ ਯਾਰਕ ’ਚ ਕੋਰੋਨਾ ਵਾਇਰਸ ਦੇ ਪੰਜ ਫ਼ੀ ਸਦੀ ਮਾਮਲੇ ਸਾਹਮਣੇ ਆਏ ਹਨ। ਇੱਥੇ ਵੀ ਬੇਰੁਜ਼ਗਾਰੀ ਵਿੱਚ 1,000 ਫ਼ੀ ਸਦੀ ਵਾਧਾ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਦੇਸ਼ ਦੇ ਰਾਜਾਂ ਨੂੰ ਬੇਰੁਜ਼ਗਾਰੀ ਦੇ ਅੰਕੜੇ ਰੋਜ਼ਾਨਾ ਜਾਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ; ਕਿਉਕਿ ਇੰਝ ਦਹਿਸ਼ਤ ਫੈਲਦੀ ਹੈ।
ਸਮੁੱਚੇ ਵਿਸ਼ਵ ’ਚ ਹੁਣ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 5.97 ਲੱਖ ਤੋਂ ਵੀ ਵੱਧ ਹੋ ਗਈ ਹੈ।