ਸਪੇਨ ਵਿੱਚ ਮੰਗਲਵਾਰ (17 ਮਾਰਚ) ਨੂੰ ਕੋਵਿਡ -19 ਦੇ ਤਕਰੀਬਨ ਦੋ ਹਜ਼ਾਰ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਅਤੇ ਇਸ ਨਾਲ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 11000 ਨੂੰ ਪਾਰ ਕਰ ਗਈ। ਇਸ ਬਿਮਾਰੀ ਕਾਰਨ ਹੁਣ ਤੱਕ 491 ਮੌਤਾਂ ਹੋ ਚੁੱਕੀਆਂ ਹਨ।
ਸਿਹਤ ਮੰਤਰਾਲੇ ਦੇ ਐਮਰਜੈਂਸੀ ਕੋਆਰਡੀਨੇਟਰ ਫਰਨਾਂਡੋ ਸਾਈਮਨ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਪੀੜਤ ਵਿਅਕਤੀਆਂ ਦੀ ਗਿਣਤੀ ਵਿੱਚ 1,987 ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਸੰਕਰਮਿਤ ਵਿਅਕਤੀਆਂ ਦੀ ਕੁੱਲ ਗਿਣਤੀ 11,178 ਹੋ ਗਈ। ਸਾਈਮਨ ਨੇ ਕਿਹਾ ਕਿ ਹੁਣ ਤੱਕ 1,098 ਲੋਕ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।
ਪਿਛਲੇ 24 ਘੰਟਿਆਂ 'ਚ 862 ਵਿਅਕਤੀਆਂ ਦੀ ਮੌਤ
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਦੁਨੀਆ ਵਿੱਚ 862 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਸ ਵਿੱਚ ਘਾਤਕ ਕੋਰੋਨਾ ਵਾਇਰਸ (ਕੋਵਿਡ 19) ਫੈਲਣ ਨਾਲ ਇਟਲੀ ਵਿੱਚ 368, ਈਰਾਨ ਵਿੱਚ 245 ਅਤੇ ਸਪੇਨ ਵਿੱਚ 152 ਸ਼ਾਮਲ ਹਨ।
ਕੋਰੋਨਾ ਵਾਇਰਸ ਬਾਰੇ ਡਬਲਯੂਐਚਓ ਦੀ ਰਿਪੋਰਟ ਦੇ ਅਨੁਸਾਰ, ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6606 ਹੋ ਗਈ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਦੇ 13,903 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਸਮੇਂ ਵਿਸ਼ਵ ਭਰ ਵਿੱਚ 167,511 ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹਨ, ਜਦੋਂਕਿ ਚੀਨ ਵਿੱਚ ਹੁਣ ਤੱਕ 81,434 ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਤਕਰੀਬਨ 3218 ਲੋਕਾਂ ਦੀ ਮੌਤ ਵਾਇਰਸ ਦੇ ਸ਼ਿਕਾਰ ਹੋਣ ਤੋਂ ਬਾਅਦ ਹੋਈ ਹੈ।
ਡਬਲਯੂਐਚਓ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ, ਚੀਨ ਵਿੱਚ ਕੋਰੋਨਾ ਵਾਇਰਸ ਕਾਰਨ 14 ਅਤੇ ਚੀਨ ਤੋਂ ਬਾਹਰ 848 ਮੌਤਾਂ ਹੋਈਆਂ ਹਨ। ਚੀਨ ਵਿੱਚ ਹੁਣ ਤੱਕ ਵਾਇਰਸ ਕਾਰਨ 3218 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਚੀਨ ਤੋਂ ਬਾਹਰ ਹੁਣ ਤੱਕ 3388 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੁਨੀਆ ਦੇ 151 ਦੇਸ਼ਾਂ ਵਿੱਚ ਇਹ ਵਾਇਰਸ ਫੈਲਿਆ ਹੈ ਅਤੇ ਚੀਨ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ।