ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੇ ਇਟਲੀ ’ਚ ਇਸ ਵਾਇਰਸ ਦੀ ਛੂਤ ਕਾਰਨ ਕੱਲ੍ਹ ਸ਼ੁੱਕਰਵਾਰ ਨੂੰ 250 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ’ਚ ਇਸ ਵਾਇਰਸ ਕਾਰਨ ਇੱਕੋ ਦਿਨ ’ਚ ਹੋਣ ਵਾਲੀਆਂ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ।
ਇਟਲੀ ’ਚ 250 ਮੌਤਾਂ 24 ਘੰਟਿਆਂ ’ਚ ਹੋਈਆਂ ਹਨ; ਇੰਝ ਇਸ ਦੇਸ਼ ’ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ ਵਧ ਕੇ 1,266 ਹੋ ਗਈ ਹੈ। ਉਂਝ ਇਸ ਵੇਲੇ ਇਸ ਵਾਇਰਸ ਦੀ ਲਾਗ ਕਾਰਨ ਬੀਮਾਰ ਪਏ ਮਰੀਜ਼ਾਂ ਦੀ ਕੁੱਲ ਗਿਣਤੀ 17,660 ਹੈ; ਜਦ ਕਿ ਸਮੁੱਚੇ ਵਿਸ਼ਵ ’ਚ ਇਹ ਗਿਣਤੀ ਵਧ ਕੇ 1,42,775 ਤੱਕ ਪੁੱਜ ਗਈ ਹੈ।
ਭਾਰਤ ’ਚ ਕੁੱਲ 82 ਵਿਅਕਤੀ ਪੀੜਤ ਹਨ। ਉੱਧਰ ਫ਼ਰਾਂਸ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਨੇ 18 ਜਾਨਾਂ ਲੈ ਲਈਆਂ ਹਨ ਤੇ ਉੱਥੇ ਮੌਤਾਂ ਦੀ ਕੁੱਲ ਗਿਣਤੀ 79 ਤੱਕ ਅੱਪੜ ਗਈ ਹੈ। ਇਹ ਜਾਣਕਾਰੀ ਫ਼ਰਾਂਸ ਦੇ ਸਿਹਤ ਮੰਤਰੀ ਓਲੀਵਰ ਵਾਰੇਨ ਨੇ ਦਿੱਤੀ।
ਉੱਧਰ ਇੰਗਲੈਂਡ ਦੀ ਰਾਜਧਾਨੀ ਲੰਦਨ ਤੋਂ ਪ੍ਰਾਪਤ ਖ਼ਬਰਾਂ ਮੁਤਾਬਕ ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਲੰਦਨ–ਮੈਰਾਥਨ ਨੂੰ ਚਾਰ ਅਕਤੂਬਰ ਤੱਕ ਲਈ ਟਾਲ਼ ਦਿੱਤਾ ਗਿਆ ਹੈ।
ਚੀਨ ’ਚ ਲਗਭਗ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਕਹਿਰ ਹੁਣ ਵਿਸ਼ਵ–ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ। ਹੁਣ ਤੱਕ ਸਮੁੱਚੇ ਵਿਸ਼ਵ ’ਚ ਇਸ ਕਾਰਨ 5,000 ਤੋਂ ਵੱਧ ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ।
ਦੁਨੀਆ ’ਚ ਕੋਰੋਨਾ ਵਾਇਰਸ ਨੇ ਆਮ ਜਨ–ਜੀਵਨ ਠੱਪ ਕਰ ਕੇ ਰੱਖ ਦਿੱਤਾ ਹੈ। ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਕੂਲ, ਕਾਲਜ, ਦਫ਼ਤਰ, ਸਟੇਡੀਅਮ, ਏਅਰਲਾਈਨਜ਼, ਕਾਰੋਬਾਰੀ ਅਦਾਰੇ ਸਭ ਬੰਦ ਹੁੰਦੇ ਜਾ ਰਹੇ ਹਨ ਤੇਜਿਸ ਕਾਰਨ ਵਿੱਤੀ ਤੇ ਆਰਥਿਕ ਗਤੀਵਿਧੀਆਂ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ।