ਦੁਨੀਆ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਈ ਵਾਇਰਸ ਦੀ ਇਹ ਲਾਗ ਹੁਣ ਤੱਕ 90 ਤੋਂ ਵੀ ਵੱਧ ਦੇਸ਼ਾਂ ’ਚ ਫੈਲ ਗਈ ਹੈ।; ਇਟਲੀ ’ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਕਾਰਨ 49 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇੱਕ ਦਿਨ ’ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ।
ਇਟਲੀ ’ਚ ਪਿਛਲੇ ਦੋ ਹਫ਼ਤਿਆਂ ’ਚ ਇਸ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 197 ਹੋ ਗਈ ਹੈ। ਕੋਰੋਨਾ ਕਾਰਨ ਹੁਣ ਤੱਕ ਸਭ ਤੋਂ ਵੱਧ ਮੌਤਾਂ ਚੀਨ ’ਚ ਹੋਈਆਂ ਹਨ। ਉਸ ਤੋਂ ਬਾਅਦ ਦੂਜੇ ਸਥਾਨ ’ਤੇ ਇਟਲੀ ਹੈ।
ਇਟਲੀ ’ਚ ਹੁਣ ਤੱਕ 4,636 ਮਰੀਜ਼ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ; ਜੋ ਚੀਨ, ਦੱਖਣੀ ਕੋਰੀਆ ਤੇ ਈਰਾਨ ਤੋਂ ਬਾਅਦ ਸਭ ਤੋਂ ਵੱਧ ਹਨ।
ਇਟਲੀ ਸਰਕਾਰ ਦੀ ਇਸ ਉੱਤੇ ਵੀ ਨਿਗਰਾਨੀ ਹੈ ਕਿ ਕੀ ਕੋਰੋਨਾ ਉੱਤਰ ਵਾਲੇ ਪਾਸਿਓਂ ਫੈਲਿਆ ਹੈ; ਜਿੱਥੇ ਵਾਇਰਸ ਦੀ ਲਾਗ ਫੈਲਣ ਤੋਂ ਪਹਿਲਾਂ ਪਹਿਲੇ 10 ਦਿਨਾਂ ਦੌਰਾਨ ਕਾਫ਼ੀ ਲੋਕ ਪ੍ਰਭਾਵਿਤ ਪਾਏ ਗਏ ਸਨ। ਹੁਣ ਇਟਲੀ ਦੇ 22 ਸਥਾਨਾਂ ਉੱਤੇ ਇਸ ਵਾਇਰਸ ਤੋਂ ਲੋਕ ਪੀੜਤ ਹੋ ਗਏ ਹਨ।
ਇਟਲੀ ਦੇ ਲਾਜੀਓ ’ਚ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ ਇੱਕ ਹੋਰ ਮੌਤ ਦੀ ਖ਼ਬਰ ਆਈ ਸੀ, ਜੋ ਰੋਮ ਤੇ ਉਸ ਦੇ ਬਾਹਰੀ ਇਲਾਕੇ ’ਚ ਸ਼ਾਮਲ ਹੈ। ਦੱਖਣ ’ਚ ਕੋਰੋਨਾ ਕਾਰਨ ਹੁਣ ਤੱਕ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ। ਬੀਤੇ ਬੁੱਧਵਾਰ ਨੂੰ ਬਾਰੀ ਸ਼ਹਿਰ ਦੇ ਆਲੇ–ਦੁਆਲੇ ਪੁਗਲੀਆ ਦੇ ਦੱਖਣ–ਪੂਰਬੀ ਖੇਤਰ ’ਚ ਪਹਿਲੀ ਤੇ ਇੱਕੋ–ਇੱਕ ਮਾਮਲੇ ਦੀ ਪੁਸ਼ਟੀ ਹੋਈ ਸੀ।
ਇੱਥੇ ਵਰਨਣਯੋਗ ਹੈ ਕਿ ਦੁਨੀਆ ਭਰ ਦੇ ਲਗਭਗ ਇੱਕ ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ’ਚ ਹਨ; ਜਦ ਕਿ ਹੁਣ ਤੱਕ 3,300 ਵਿਅਕਤੀ ਮਾਰੇ ਜਾ ਚੁੱਕੇ ਹਨ।
ਇੰਗਲੈਂਡ ’ਚ ਵੀ ਕੋਰੋਨਾ ਵਾਇਰਸ ਇੱਕ ਜਾਨ ਲੈ ਚੁੱਕਾ ਹੈ। ਅਮਰੀਕਾ ’ਚ 14 ਵਿਅਕਤੀ ਮਾਰੇ ਜਾ ਚੁੱਕੇ ਹਨ। ਅਮਰੀਕੀ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ 6.3 ਅਰਬ ਡਾਲਰ ਦਾ ਫ਼ੰਡ ਜਾਰੀ ਕੀਤਾ ਹੈ।